ਨਵੀਂ ਦਿੱਲੀ: ਕੌਮੀ ਰਾਜਧਾਨੀ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋਣ ਕਾਰਨ ਦਿੱਲੀ ਸਰਕਾਰ ਨੂੰ ਲੌਕਡਾਊਨ ਹੋਰ ਵਧਾਉਣ ਦੀ ਸਲਾਹ ਦਿੱਤੀ ਹੈ। ਕੋਵਿਡ-19 ਮਾਮਲਿਆਂ ਲਈ ਕਾਇਮ ਕੀਤੀ ਕਮੇਟੀ ਦੇ ਪ੍ਰਧਾਨ ਨੇ ਮਈ ਮਹੀਨੇ ਦੇ ਅੱਧ ਤਕ ਲੌਕਡਾਊਨ ਵਧਾਉਣ ਦੀ ਸਲਾਹ ਦਿੱਤੀ ਹੈ।

ਦਿੱਲੀ ਸਰਕਾਰ ਦੀ ਕੋਵਿਡ-19 ਨਾਲ ਨਜਿੱਠਣ ਵਾਲੀ ਕਮੇਟੀ ਦੇ ਮੁਖੀ ਡਾ. ਐਸਕੇ ਸਰੀਨ ਨੇ ਕਿਹਾ ਹੈ ਕਿ ਭਾਰਤ ਵਿੱਚ ਹਾਲੇ ਮਹਾਮਾਰੀ ਦਾ ਗ੍ਰਾਫ ਚੜ੍ਹ ਰਿਹਾ ਹੈ, ਇਸ ਲਈ ਰੋਕਾਂ ਵਿੱਚ ਢਿੱਲ ਦੇਣ ਦਾ ਮਤਲਬ ਹੈ ਕਿ ਮਾਮਲਿਆਂ ਵਿੱਚ ਬੇਤਹਾਸ਼ਾ ਵਾਧਾ ਹੋ ਸਕਦਾ ਹੈ। ਦਿੱਲੀ ਵਿੱਚ ਹੌਟਸਪੌਟ ਖੇਤਰਾਂ ਦੀ ਗਿਣਤੀ ਕਾਫੀ ਹੈ, ਇਸ ਲਈ ਲੌਕਡਾਊਨ ਨੂੰ 16 ਮਈ ਤਕ ਵਧਾਉਣਾ ਪਵੇਗਾ।

ਸਰੀਨ ਨੇ ਕਿਹਾ ਕਿ ਦਿੱਲੀ ਵਿੱਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਤਿੰਨ ਮਾਰਚ ਨੂੰ ਸਾਹਮਣੇ ਆਇਆ ਸੀ ਤੇ ਮਹਾਮਾਰੀ ਬਾਰੇ ਚੀਨ ਦੀ ਗਿਣਤੀ-ਮਿਣਤੀ ਦਰਸਾਉਂਦੀ ਹੈ ਕਿ ਤਕਰੀਬਨ 10 ਹਫ਼ਤਿਆਂ ਦੇ ਸਮੇਂ ਵਿੱਚ ਹੀ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ ਦਾ ਗ੍ਰਾਫ ਡਿੱਗਦਾ ਹੈ। ਕੇਂਦਰ ਸਰਕਾਰ ਨੇ 24 ਮਾਰਚ ਦੇ ਅੱਧੀ ਰਾਤ ਤੋਂ 14 ਅਪ੍ਰੈਲ ਤਕ ਲੌਕਡਾਊਨ ਕੀਤਾ ਸੀ, ਜਿਸ ਨੂੰ ਤਿੰਨ ਮਈ ਤਕ ਵਧਾ ਦਿੱਤਾ ਗਿਆ ਸੀ। ਦਿੱਲੀ ਵਿੱਚ ਸ਼ੁੱਕਰਵਾਰ ਨੂੰ 54 ਮੌਤਾਂ ਨਾਲ ਕੁੱਲ 2,625 ਕੋਰੋਨਾ ਮਰੀਜ਼ ਸਨ।