ਅਹਿਮਦਾਬਾਦ (ਗੁਜਰਾਤ): ਡੀਆਰਡੀਓ (DRDO) ਨੇ ਅਹਿਮਦਾਬਾਦ ’ਚ ਗੁਜਰਾਤ ਸਰਕਾਰ ਦੀ ਮਦ ਨਾਲ 900 ਬਿਸਤਰਿਆਂ ਦਾ ਕੋਵਿਡ ਹਸਪਤਾਲ ਸਿਰਫ਼ 8 ਦਿਨਾਂ ਅੰਦਰ ਬਣਾ ਕੇ ਖੜ੍ਹਾ ਕਰ ਦਿੱਤਾ ਹੈ। ਸਨਿੱਚਰਵਾਰ ਤੋਂ ਇਸ ਹਸਪਤਾਲ ’ਚ ਕੋਰੋਨਾ ਮਰੀਜ਼ਾਂ ਦਾ ਦਾਖ਼ਲਾ ਸ਼ੁਰੂ ਹੋ ਜਾਵੇਗਾ। ਡੀਆਰਡੀਓ ਦਾ ਦੇਸ਼ ’ਚ ਇਹ ਤੀਜਾ ਕੋਵਿਡ ਹਸਪਤਾਲ ਹੈ। ਇਸ ਤੋਂ ਪਹਿਲਾਂ ਰਾਜਧਾਨੀ ਦਿੱਲੀ ਤੇ ਪਟਨਾ ’ਚ ਵੀ ਡੀਆਰਡੀਓ ਦੇ ਕੋਵਿਡ ਹਸਪਤਾਲ ਸ਼ੁਰੂ ਹੋ ਚੁੱਕੇ ਹਨ।


ਅਹਿਮਦਾਬਾਦ ’ਚ ਗੁਜਰਾਤ ਯੂਨੀਵਰਸਿਟੀ ਦੇ ਕਨਵੈਨਸ਼ਨ ਸੈਂਟਰ ’ਚ ‘ਡਿਫ਼ੈਂਸ ਰਿਸਰਚ ਐਂਡ ਡਿਵਪੈਲਪਮੈਂਟ ਆਰਗੇਨਾਇਜ਼ੇਸ਼ਨ’ (DRDO ਰੱਖਿਆ ਖੋਜ ਵਿਕਾਸ ਸੰਗਠਨ) ਨੇ ‘ਧਨਵੰਤਰੀ ਕੋਵਿਡ ਹਸਪਤਾਲ’ ਸਥਾਪਤ ਕੀਤਾ ਹੈ।


ਇਸ ਹਸਪਤਾਲ ਦੇ ਕੁੱਲ 900 ਬਿਸਤਰਿਆਂ ਵਿੱਚੋਂ 150 ਉੱਤੇ ਵੈਂਟੀਲੇਟਰ ਦੀ ਸੁਵਿਧਾ ਹੈ, ਬਾਕੀ ਦੇ 750 ਬਿਸਤਰਿਆਂ ਉੱਤੇ ਵੀ ਆਕਸੀਜਨ ਦਾ ਇੰਤਜ਼ਾਮ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਸ਼ੁੱਕਰਵਾਰ ਸ਼ਾਮੀਂ ਇਸ ਕੋਵਿਡ ਹਸਪਤਾਲ ਦਾ ਦੌਰਾ ਕਰ ਕੇ ਸਾਰੇ ਇੰਤਜ਼ਾਮ ਦਾ ਜਾਇਜ਼ਾ ਲੈਣਗੇ।


ਤੁਹਾਨੂੰ ਦੱਸ ਦੇਈਏ ਕਿ ਫ਼ੌਜ, ਨੀਮ ਫ਼ੌਜੀ ਬਲ ਅਤੇ ਰਾਜ ਸਰਕਾਰਾਂ ਦੀ ਮਦਦ ਨਾਲ ਡੀਆਰਡੀਓ ਦੇਸ਼ ਭਰ ਵਿੱਚ ਕੁੱਲ ਛੇ ਕੋਵਿਡ ਹਸਪਤਾਲ ਸ਼ੁਰੂ ਕਰ ਰਹੇ ਹਨ। ਇਨ੍ਹਾਂ ਵਿੱਚੋਂ ਦਿੱਲੀ (450 ਬਿਸਤਰੇ) ਅਤੇ ਪਟਨਾ (500 ਬਿਸਤਰੇ) ’ਚ ਸੇਵਾਵਾਂ ਸ਼ੁਰੂ ਹੋ ਚੁੱਕੀਆਂ ਹਨ। ਲਖਨਊ (450 ਬਿਸਤਰੇ) ਅਤੇ ਵਾਰਾਨਸੀ (750 ਬਿਸਤਰੇ) ’ਚ ਵੀ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ।


ਇਸ ਦੌਰਾਨ ਖ਼ਬਰ ਹੈ ਕਿ ਭਾਰਤੀ ਹਵਾਈ ਫ਼ੌਜ ਨੇ ਸ਼ੁੱਕਰਵਾਰ ਨੂੰ ਲੱਦਾਖ ’ਚ ਕੋਵਿਡ ਸੈਂਟਰ ਸਥਾਪਤ ਕਰਨ ਲਈ ਸਮੁੱਚਾ ਕੋਵਿਡ ਸੈੱਟਅੱਪ ਨੂੰ ਏਅਰਲਿਫ਼ਟ ਕਰ ਕੇ ਲੇਹ ਪਹੁੰਚਾਇਆ ਹੈ। ਇਸ ਤੋਂ ਇਲਾਵਾ ਹਵਾਈ ਫ਼ੌਜ ਨੇ ਦੋ ਸੀ-17 ਗਲੋਬਮਾਸਟਰ ਏਅਰਕ੍ਰਾਫ਼ਟਸ ਨੇ ਦੋ ਖਾਲੀ ਲਿੰਡਸੇ ਕ੍ਰਾਇਓਜੈਨਿਕ ਆਕਸੀਜਨ ਕੰਟੇਨਰਜ਼ ਨੂੰ ਪੱਛਮੀ ਬੰਗਾਲ ਦੇ ਪਾਨਾਗੜ੍ਹ ਪਹੁੰਚਾਇਆ ਹੈ। ਇੱਕ ਆਈਐੱਲ-76 ਹਵਾਈ ਜਹਾਜ਼ ਨੇ ਖਾਲੀ ਆਈਨੌਕਸ ਕੰਟੇਨਰ ਨੂੰ ਵੀ ਪਾਨਾਗੜ੍ਹ ਪਹੁੰਚਾਇਆ ਹੈ।


ਇਹ ਵੀ ਪੜ੍ਹੋ: ਮੇਅਰ ਦੀ ਤਾਜਪੋਸ਼ੀ ਦੌਰਾਨ ਕੋਰੋਨਾ ਨਿਯਮ ਭੁੱਲੇ ਵਿੱਤ ਮੰਤਰੀ ਮਨਪ੍ਰੀਤ ਬਾਦਲ, ਸੈਂਕੜਿਆਂ ਦੀ ਗਿਣਤੀ 'ਚ ਕੀਤਾ ਇਕੱਠ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904