ਨਵੀਂ ਦਿੱਲੀ: 1984 ਸਿੱਖ ਕਤਲੇਆਮ ਵਿੱਚ ਸਜ਼ਾਯਾਫਤਾ ਸਾਬਕਾ ਕਾਂਗਰਸੀ ਲੀਡਰ ਸੱਜਣ ਕੁਮਾਰ ਖ਼ਿਲਾਫ਼ ਕਤਲੇਆਮ ਦੇ ਇੱਕ ਹੋਰ ਮਾਮਲੇ ਵਿੱਚ ਅਦਾਲਤ 'ਚ ਅੱਜ ਅਹਿਮ ਸੁਣਵਾਈ ਹੋਈ। ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿੱਚ ਹੋਈ ਸੁਣਵਾਈ ਦੌਰਾਨ ਮਾਮਲੇ ਦੀ ਮੁੱਖ ਗਵਾਹ ਚਾਮ ਕੌਰ ਨੇ ਸੱਜਣ ਕੁਮਾਰ ਖ਼ਿਲਾਫ਼ ਗਵਾਹੀ ਦਿੱਤੀ ਹੈ।
ਇਹ ਵੀ ਪੜ੍ਹੋ- ਸਿੱਖ ਕਤਲੇਆਮ: ਸੱਜਣ ਦੇ ਕੇਸ ਤੋਂ ਜੱਜ ਨੇ ਪੈਰ ਪਿਛਾਂਹ ਖਿੱਚੇ
ਸੁਲਤਾਨਪੁਰੀ ਇਲਾਕੇ ਵਿੱਚ ਕਤਲ ਕੀਤੇ ਗਏ ਸਿੱਖਾਂ ਦੇ ਇਸ ਮਾਮਲੇ ਵਿੱਚ ਪੀੜਤਾਂ ਦੇ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਦੱਸਿਆ ਕਿ ਚਾਮ ਕੌਰ ਦਾ ਕਰਾਸ ਐਗ਼ਜ਼ਾਮੀਨੇਸ਼ਨ ਪੂਰਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਚਾਮ ਕੌਰ ਨੇ ਅਦਾਲਤ ਨੂੰ ਦੱਸਿਆ ਕਿ ਸੱਜਣ ਕੁਮਾਰ ਨੇ ਕਿਸ ਤਰ੍ਹਾਂ ਲੋਕਾਂ ਨੂੰ ਮਰਵਾਇਆ। ਇਸ ਦੌਰਾਨ ਚਾਮ ਕੌਰ ਨੂੰ ਲਗਾਤਾਰ ਗਵਾਹੀ ਨਾ ਦੇਣ ਦੀਆਂ ਧਮਕੀਆਂ ਵੀ ਮਿਲਦੀਆਂ ਰਹੀਆਂ।
ਜ਼ਰੂਰ ਪੜ੍ਹੋ- '84 ਕਤਲੇਆਮ ਦੇ ਦੋਸ਼ੀ ਸੱਜਣ ਨੇ ਆਖ਼ਰ ਕਰ ਹੀ ਦਿੱਤਾ ਆਤਮ ਸਮਰਪਣ
ਦਿੱਲੀ ਛਾਉਣੀ ਇਲਾਕੇ ਵਿੱਚ ਪਹਿਲੀ ਨਵੰਬਰ 1984 ਨੂੰ ਪੰਜ ਸਿੱਖਾਂ ਦੇ ਕਤਲ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਨੇ ਤਾ-ਉਮਰ ਕੈਦ ਦੀ ਸਜ਼ਾ ਸੁਣਾਈ ਹੋਈ ਹੈ। ਪਰ ਅੱਜ ਪੇਸ਼ੀ ਮੌਕੇ ਸੱਜਣ ਕੁਮਾਰ ਵੀ ਅਦਾਲਤ ਵਿੱਚ ਪਹੁੰਚਿਆ ਸੀ, ਪਰ ਪੀੜਤਾਂ ਨੇ ਉਸ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੇ ਜਾਣ ਦੀ ਮੰਗ ਕੀਤੀ। ਇਸ ਦਾ ਸੱਜਣ ਕੁਮਾਰ ਨੇ ਵਿਰੋਧ ਕੀਤਾ ਕਿ ਉਸ ਨੇ ਅਦਾਲਤ ਵਿੱਚ ਆਪਣੇ ਵਕੀਲਾਂ ਨੂੰ ਮਿਲਣਾ ਹੁੰਦਾ ਹੈ। ਪਰ ਅਦਾਲਤ ਨੇ ਇਸ 'ਤੇ ਕੋਈ ਫੈਸਲਾ ਨਹੀਂ ਲਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 28 ਮਾਰਚ ਨੂੰ ਤੈਅ ਹੋਈ ਹੈ। ਇਸ ਦਿਨ ਸੱਜਣ ਕੁਮਾਰ ਖ਼ਿਲਾਫ਼ ਦੂਜੇ ਗਵਾਹ ਪੇਸ਼ ਕੀਤੇ ਜਾਣਗੇ।