ਨਵੀਂ ਦਿੱਲੀ: ਸਾਉਦੀ ਅਰਬ ਨੇ ਕੱਚੇ ਤੇਲ ਦੀਆਂ ਕੀਮਤਾਂ 'ਚ ਇਕਦਮ ਭਾਰੀ ਕਟੌਤੀ ਕਰਦਿਆਂ 'ਕੀਮਤ ਜੰਗ' ਛੇੜ ਦਿੱਤੀ ਹੈ। ਦਰਅਸਲ ਰੂਸ ਵੱਲੋਂ ਓਪੇਕ ਦੇਸ਼ਾਂ ਨਾਲ ਤੇਲ ਦੀ ਪੈਦਾਵਾਰ 'ਚ ਕਟੌਤੀ ਕਰਨ ਨੂੰ ਲੈ ਕੇ ਸਹਿਮਤੀ ਨਾ ਬਣਨ ਤੋਂ ਬਾਅਦ ਸਾਉਦੀ ਅਰਬ ਨੇ ਕੱਚੇ ਤੇਲ ਦੀ ਕੀਮਤ 'ਚ ਇੰਨੀ ਵੱਡੀ ਕਟੌਤੀ ਕੀਤੀ ਹੈ।

ਇਸ ਨਾਲ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਵਿੱਚ 30 ਫੀਸਦੀ ਤੱਕ ਗਿਰਾਵਟ ਆਈ ਹੈ। ਇਹ ਗਿਰਾਵਟ 1991 ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਹੋਈ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਬਰੈਂਟ ਕਰੂਡ ਫਿਊਚਰ 14.25 ਡਾਲਰ ਜਾਂ 31.5 ਫੀਸਦੀ ਤੋਂ ਘਟਕੇ 31.2ਡਾਲਰ ਪ੍ਰਤੀ ਡਾਲਰ ਆ ਗਿਆ ਹੈ।

17 ਜੂਨ, 1991 ਨੂੰ ਪਹਿਲਾ ਖਾੜੀ ਯੁੱਧ ਸ਼ੁਰੂ ਹੋਣ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ 'ਚ ਇਹ ਦੂਜੀ ਵਾਰ ਸਭ ਤੋਂ ਵੱਡੀ ਗਿਰਾਵਟ ਹੈ। ਐਂਜਲ ਬ੍ਰੋਕਿੰਗ ਦੇ ਡਿਪਟੀ ਵਾਈਸ ਪ੍ਰੈਜ਼ੀਡੈਂਟ ਅਨੁਜ ਗੁਪਤਾ ਅਨੁਸਾਰ ਕੱਚੇ ਤੇਲ ਦੀਆਂ ਕੀਮਤਾਂ 'ਚ ਹੋ ਰਹੀ ਇਸ ਗਿਰਾਵਟ ਦਾ ਅਸਰ ਘਰੇਲੂ ਬਾਜ਼ਾਰ 'ਤੇ ਵੀ ਪਵੇਗਾ ਜਿਸ ਨਾਲ ਇਕ ਹਫਤੇ ਦੇ ਅੰਦਰ-ਅੰਦਰ ਪੈਟਰੋਲ ਤੇ ਡੀਜ਼ਲ 2 ਤੋਂ 3 ਰੁਪਏ ਤੱਕ ਸਸਤੇ ਹੋ ਸਕਦੇ ਹਨ।

ਅਨੁਜ ਗੁਪਤਾ ਮੁਤਾਬਕ ਰੂਸ ਅਤੇ ਓਪੇਕ ਦੇਸ਼ਾਂ ਵਿਚਕਾਰ ਕੱਚੇ ਤੇਲ ਦੇ ਉਤਪਾਦਨ 'ਚ ਕਟੌਤੀ ਉੱਪਰ ਸਹਿਮਤੀ ਨਾ ਬਣਨ ਦਾ ਅਸਰ ਕੱਚੇ ਤੇਲ ਦੀਆਂ ਕੀਮਤਾਂ 'ਤੇ ਤਕਰੀਬਨ ਦੋ ਹਫਤੇ ਤੱਕ ਬਣਿਆ ਰਹੇਗਾ। ਉਨ੍ਹਾਂ ਸ਼ੰਕਾ ਜਤਾਈ ਕਿ ਕੋਰੋਨਾਵਾਇਰਸ ਤੇ ਹੋਰ ਕਾਰਨਾਂ ਕਰਕੇ ਤੇਲ ਦੀ ਮੰਗ ਘਟੀ ਹੈ ਜਿਸ ਕਾਰਨ ਕੱਚੇ ਤੇਲ ਦੀ ਕੀਮਤ 28 ਡਾਲਰ ਪ੍ਰਤੀ ਬੈਰਲ ਤੱਕ ਡਿੱਗ ਸਕਦੀ ਹੈ।