ਸ੍ਰੀਨਗਰ: ਜੰਮੂ-ਸ੍ਰੀਨਗਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਲੇ ’ਤੇ ਹੋਏ ਹਮਲੇ ਦੇ ਬਾਅਦ ਸ਼ਨੀਵਾਰ ਨੂੰ ਵੀ ਕਰਫਿਊ ਜਾਰੀ ਰੱਖਿਆ ਗਿਆ ਹੈ। ਹਾਲਾਂਕਿ ਕੌਮੀ ਮਾਰਗ ਖੋਲ੍ਹ ਦਿੱਤਾ ਗਿਆ ਹੈ ਅਤੇ ਫਸੇ ਹੋਏ ਵਾਹਨਾਂ ਨੂੰ ਕੱਢਣ ਦੇ ਬਾਅਦ ਜੰਮੂ ਤੋਂ ਸ੍ਰੀਨਗਰ ਜਾਣ ਦੀ ਮਨਜ਼ੂਰੀ ਦਿੱਤੀ ਜਾਏਗੀ। ਦੱਸਿਆ ਜਾ ਰਿਹਾ ਹੈ ਕਿ ਘਾਟੀ ਵਿੱਚ ਤਕਰੀਬਨ ਸੱਤ ਹਜ਼ਾਰ ਵਾਹਨ ਫਸੇ ਹੋਏ ਹਨ। ਹੌਲੀ-ਹੌਲੀ ਸਾਰੇ ਵਾਹਨ ਕੱਢੇ ਜਾ ਰਹੇ ਹਨ।
ਟਰਾਂਸਪੋਰਟ ਅਧਿਕਾਰੀ ਨੇ ਦੱਸਿਆ ਕਿ ਜਦੋਂ ਹਾਈਵੇ ਤੋਂ ਸਾਰੇ ਫਸੇ ਹੋਏ ਵਾਹਨ ਨਿਕਲ ਜਾਣਗੇ ਤਾਂ ਉਸ ਦੇ ਬਾਅਦ ਸ੍ਰੀਨਗਰ ਤੋਂ ਜੰਮੂ ਲਈ ਆਵਾਜਾਈ ਬਹਾਲ ਕਰਨ ’ਤੇ ਫੈਸਲਾ ਲਿਆ ਜਾਏਗਾ। ਕਸ਼ਮੀਰ ਜਾਣ ਵਾਲੇ 2 ਹਜ਼ਾਰ ਤੋਂ ਵੱਧ ਫਸੇ ਹੋਏ ਵਾਹਨਾਂ ਨੇ ਸ਼ਨੀਵਾਰ ਸਵੇਰ ਤਕ ਜਵਾਹਰ ਸੁਰੰਗ ਪਾਰ ਕਰ ਲਈ ਹੈ।
ਬੀਤੇ ਦਿਨ ਪੁਲਵਾਮਾ ਹਮਲੇ ਦਾ ਵਿਰੋਧ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਵੇ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ ਜਿਸ ਦੇ ਬਾਅਦ ਪ੍ਰਸ਼ਾਸਨ ਨੇ ਕਰਫਿਊ ਲਾ ਦਿੱਤਾ ਸੀ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਭੜਕਾਊ ਤਸਵੀਰਾਂ ਤੇ ਕੁਮੈਂਟਸ ਅਪਲੋਡ ਕਰਨ ਤੋਂ ਰੋਕਣ ਲਈ ਫਿਕਸਲਾਈਨ ਬਰਾਡਬੈਂਡ ਕੁਨੈਕਸ਼ਨਾਂ ਦੀ ਸਪੀਡ ਵੀ ਘਟਾ ਦਿੱਤੀ ਗਈ ਸੀ।
ਕਰਫਿਊ ਸਬੰਧੀ ਅਧਿਕਾਰੀ ਨੇ ਦੱਸਿਆ ਕਿ ਅਗਲੇ ਹੁਕਮਾਂ ਤਕ ਕਰਫਿਊ ਜਾਰੀ ਰਹੇਗਾ। ਕਾਨੂੰਨ ਤੇ ਵਿਵਸਥਾ ਦੀ ਸਮੀਖਿਆ ਕਰਨ ਬਾਅਦ ਇਸ ਬਾਰੇ ਫੈਸਲਾ ਲਿਆ ਜਾਏਗਾ। ਇਲਾਕੇ ਵਿੱਚ ਮੋਬਾਈਲ ਇੰਟਰਨੈਟ ਸੇਵਾ ਵੀ ਬੰਦ ਕਰ ਦਿੱਤੀ ਗਈ ਸੀ। ਇਹ ਰੋਕ ਅੱਜ ਵੀ ਜਾਰੀ ਰਹੇਗੀ।