ਨਵੀਂ ਦਿੱਲੀ: ਇੱਕ ਸਰਵੇਖਣ ਤੋਂ ਖ਼ੁਲਾਸਾ ਹੋਇਆ ਹੈ ਕਿ ਸਾਈਬਰ ਕ੍ਰਾਈਮ 'ਚ ਭਾਰਤ 23ਵੇਂ ਨੰਬਰ 'ਤੇ ਹੈ। ਇਹ ਅੰਕੜਾ 2017 ਦਾ ਹੈ। ਇਸ ਪਿੱਛੇ ਇੱਕ ਕਾਰਨ ਸਾਈਬਰ ਸ਼ਿਕਾਇਤਾਂ 'ਤੇ ਹੌਲੀ ਪ੍ਰਤੀਕਰਮ ਹੈ। ਸਰਵੇਖਣ ਅਨੁਸਾਰ, ਜਿੱਥੇ ਸਾਈਬਰ ਕ੍ਰਾਈਮ ਦੀਆਂ ਸ਼ਿਕਾਇਤਾਂ 'ਤੇ 7 ਦਿਨਾਂ ਵਿੱਚ ਜਵਾਬ ਆਉਂਦਾ ਹੈ। ਭਾਰਤ ਵਿੱਚ ਇਸ ਦੀ ਪ੍ਰਤੀਕਿਰਿਆ 9 ਦਿਨਾਂ ਵਿੱਚ ਵੀ ਪੂਰੀ ਨਹੀਂ ਹੁੰਦੀ।


ਅਮਰੀਕਾ ਦੀ ਇਕ ਆਈਟੀ ਕੰਪਨੀ 'ਕ੍ਰਾਊਡਸਟ੍ਰਾਈਕ' ਨੇ ਭਾਰਤ ਦੇ 300 ਸੀਨੀਅਰ ਆਈਟੀ ਸੁਰੱਖਿਆ ਮਾਹਰਾਂ ਦੇ ਸਹਿਯੋਗ ਨਾਲ ਸਾਈਬਰ ਹਮਲੇ 'ਤੇ ਤਕਰੀਬਨ 1900 ਆਈਟੀ ਪੇਸ਼ੇਵਰਾਂ ਦਾ ਸਰਵੇਖਣ ਕੀਤਾ। ਇਸ ਵਿੱਚ ਭਾਰਤੀ ਪੇਸ਼ੇਵਰਾਂ ਨੇ ਮੰਨਿਆ ਹੈ ਕਿ ਤਕਰੀਬਨ 97 ਫੀਸਦੀ ਸਾਈਬਰ ਹਮਲੇ ਗੁਆਂਢੀ ਦੇਸ਼ਾਂ ਤੋਂ ਹੁੰਦੇ ਹਨ।


43 ਫੀਸਦੀ ਆਈਟੀ ਸੀਨੀਅਰਜ਼ ਦਾ ਮੰਨਣਾ ਹੈ ਕਿ ਇਹ ਸਾਈਬਰ ਹਮਲੇ ਜ਼ਿਆਦਾਤਰ ਚੀਨ ਦੁਆਰਾ ਕੀਤੇ ਜਾਂਦੇ ਹਨ। ਉਸ ਦਾ ਕਹਿਣਾ ਹੈ ਕਿ ਸਾਈਬਰ ਹਮਲੇ ਦੇ ਮਾਮਲੇ ਵਿੱਚ ਦੇਸ਼ ਨੂੰ ਚੀਨ ਤੋਂ ਸਭ ਤੋਂ ਵੱਧ ਖ਼ਤਰਾ ਹੈ।


ਦੱਸ ਦੇਈਏ ਭਾਰਤ ਦੇ ਗੁਆਂਢੀ ਦੇਸ਼ ਚੀਨ ਵਿੱਚ ਸਾਈਬਰ ਕ੍ਰਾਈਮ ਆਮ ਗੱਲ ਹੈ। ਇੰਨਾ ਹੀ ਨਹੀਂ, ਵਿਸ਼ਵ ਦੇ ਸਾਰੇ ਸਾਈਬਰ ਅਪਰਾਧਾਂ ਵਿੱਚ ਚੀਨ ਦੇ ਨਾਗਰਿਕਾਂ ਦਾ ਹੱਥ ਹੋਣ ਦੀ ਗੱਲ ਕਹੀ ਜਾਂਦੀ ਹੈ। ਇਸ 'ਤੇ ਕਦਮ ਚੁੱਕਦਿਆਂ ਚੀਨੀ ਸਰਕਾਰ ਨੇ 1900 ਤੋਂ ਵੱਧ ਸਾਈਬਰ ਕ੍ਰਾਈਮ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।


ਇੱਕ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਸਾਈਬਰ ਸ਼ਿਕਾਇਤਾਂ 'ਤੇ ਸਿਰਫ 75 ਫੀਸਦੀ ਕਾਰਵਾਈ ਕੀਤੀ ਜਾਂਦੀ ਹੈ। ਭਾਰਤ ਵਿੱਚ ਸਾਈਬਰ ਕ੍ਰਾਈਮ ਦੀਆਂ ਸ਼ਿਕਾਇਤਾਂ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਇਸ ਦੇ ਨਾਲ ਹੀ ਭਾਰਤੀ ਸਾਈਬਰ ਕ੍ਰਾਈਮ ਟੀਮ ਨੂੰ ਤਕਨਾਲੋਜੀ ਵਿੱਚ ਹੋਰ ਵਿਸਥਾਰ ਦੀ ਲੋੜ ਹੈ, ਤਾਂ ਜੋ ਵੱਧ ਰਹੇ ਸਾਈਬਰ ਕ੍ਰਾਈਮ ਨੂੰ ਰੋਕਿਆ ਜਾ ਸਕੇ।