ਆਂਧਰਾ ਪ੍ਰਦੇਸ਼: ਚੱਕਰਵਾਤੀ ਤੂਫਾਨ ਤਿਤਲੀ ਨੇ ਵੀਰਵਾਰ ਨੂੰ ਆਂਧਰਾ ਪ੍ਰਦੇਸ਼ ਵਿੱਚ 8 ਲੋਕਾਂ ਦੀ ਜਾਨ ਲੈ ਲਈ। ਇਸ ਦੇ ਨਾਲ-ਨਾਲ ਤੂਫਾਨ ਨੇ ਸ਼੍ਰੀਕਾਕੁਲਮ ਤੇ ਵਿਜੈਨਗਰਮ ਜ਼ਿਲ੍ਹਿਆਂ ਵਿੱਚ ਵੱਡੀ ਤਬਾਹੀ ਮਚਾਈ। ਰਾਜ ਆਫ਼ਤ ਪ੍ਰਬੰਧਨ ਅਥਾਰਟੀ (SDMA) ਨੇ ਦੱਸਿਆ ਕਿ ਇਸ ਚੱਕਰਵਾਤ ਨਾਲ ਜਨਜੀਵਨ ਬੁਰੀ ਤਰ੍ਹਾਂ ਠੱਪ ਹੋ ਗਿਆ ਹੈ। ਬੁੱਧਵਾਰ ਦੇਰ ਰਾਤ ਦੋਵਾਂ ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼ ਹੋਈ। ਤੂਫਾਨ ਨਾਲ ਸਬੰਧਿਤ ਵੱਖ-ਵੱਖ ਘਟਨਾਵਾਂ ਨਾਲ 8 ਜਣਿਆਂ ਦੀ ਮੌਤ ਹੋਈ ਹੈ।

ਐਸਡੀਐਮਏ ਨੇ ਦੱਸਿਆ ਕਿ ਗੁਦੀਵਾੜਾ ਅਗਰਹਾਰਮ ਪਿੰਡ ਵਿੱਚ ਇੱਕ 62 ਸਾਲ ਦੀ ਮਹਿਲਾ ’ਤੇ ਦਰੱਖ਼ਤ ਡਿੱਗਣ ਕਾਰਨ ਉਸਦੀ ਮੌਤ ਹੋ ਗਈ ਜਦਕਿ ਸ਼੍ਰੀਕਾਕੁਲਮ ਜ਼ਿਲੇ ਦੇ ਰੋਹਨਾਸਾ ਪਿੰਡ ਦੇ ਇੱਕ 55 ਸਾਲਾ ਵਿਅਕਤੀ ਦੀ ਮਕਾਨ ਡਿੱਗਣ ਕਾਰਨ ਮੌਤ ਹੋ ਗਈ। ਮੁੱਖ ਮੰਤਰੀ ਦਫ਼ਤਰ (ਸੀਐੱਮਓ) ਨੇ ਦੱਸਿਆ ਕਿ ਛੇ ਮਛੇਰਿਆਂ ਦੀ ਵੀ ਮੌਤ ਹੋ ਗਈ।

ਤੂਫ਼ਾਨ ਦੇ ਮੱਦੇਨਜ਼ਰ ਸਰਕਾਰ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਚੱਕਰਵਾਤ ਦੇ ਖਤਰੇ ਨੂੰ ਦੇਖਦਿਆਂ ਓੜੀਸ਼ਾ ਤੇ ਆਂਧਰਾ ਪ੍ਰਦੇਸ਼ ਸਰਕਾਰ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਹੈ ਤੇ ਪ੍ਰਸ਼ਾਸਨ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ। ਹੇਠਲੇ ਇਲਾਕਿਆਂ ਚੋਂ ਲੋਕਾਂ ਨੂੰ ਕੱਢਣ ਦਾ ਕੰਮ ਸ਼ੁਰੂ ਹੋ ਗਿਆ ਹੈ। ਹੁਣ ਤੱਕ ਕਰੀਬ ਤਿੰਨ ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਸੈਲਾਨੀਆਂ ਨੂੰ ਇਨ੍ਹਾਂ ਇਲਾਕਿਆਂ 'ਚ ਜਾਣ ਤੋਂ ਰੋਕਿਆ ਗਿਆ ਹੈ। ਸਮੁੰਦਰ ਦੀਆਂ ਖ਼ਤਰਨਾਕ ਲਹਿਰਾਂ ਨੂੰ ਰੋਕਣ ਲਈ ਗੋਪਾਲਪੁਰ ਦੇ ਤੱਟਾਂ ਉੱਪਰ ਮਿੱਟੀ ਪਾਈ ਜਾ ਰਹੀ ਹੈ।

ਇਸ ਤੋਂ ਪਹਿਲਾਂ ਸਾਲ 1999 ਵਿੱਚ ਵੀ ਓੜੀਸ਼ਾ ਭਿਆਨਕ ਤੂਫ਼ਾਨ ਦੀ ਮਾਰ ਸਹਿ ਚੁੱਕਾ ਹੈ। ਉੱਥੋਂ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਅਧਿਕਾਰੀਆਂ ਨਾਲ ਬੈਠਕ ਕਰਕੇ ਤੂਫ਼ਾਨ ਦੇ ਮੱਦੇਨਜ਼ਰ ਸਾਵਧਾਨ ਰਹਿਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਹਨ।