ਨਵੀਂ ਦਿੱਲੀ: ਅੱਜ ਸਵੇਰੇ ਮੀਡੀਆ ਇੰਡਸਟਰੀ ਦੇ ਸੀਨੀਅਰ ਪੱਤਰਕਾਰ ਤੇ ਨਿਊਜ਼ ਪੋਰਟਲ ‘ਦ ਕਵਿੰਟ’ ਤੇ ‘ਨੈਟਵਰਕ 18 ਗਰੁੱਪ’ ਦੇ ਫਾਊਂਡਰ ਰਾਘਵ ਬਹਿਲ ਦੇ ਘਰ ਤੇ ਦਫ਼ਤਰ ਦੀ ਇਨਕਮ ਟੈਕਸ ਵਿਭਾਗ ਵੱਲੋਂ ਤਲਾਸ਼ੀ ਲਈ ਗਈ। ਇਸ ਸਬੰਧੀ ਐਡੀਟਰਜ਼ ਗਿਲਡ ਆਫ ਇੰਡੀਆ ਨੇ ਸਾਹਮਣੇ ਆ ਕੇ ਬੇਹੱਦ ਚਿੰਤਾ ਜਤਾਈ ਹੈ। ਐਡੀਟਰਜ਼ ਗਿਲਡ ਨੇ ਆਪਣੇ ਅਧਿਕਾਰਿਤ ਟਵਿੱਟਰ ਹੈਂਡਲ ਤੋਂ ਟਵੀਟ ਜ਼ਰੀਏ ਇਸ ਮਾਮਲੇ ਸਬੰਧੀ ਚਿੰਤਾ ਪ੍ਰਗਟਾਈ ਹੈ।

ਐਡੀਟਰਜ਼ ਗਿਲਡ ਦਾ ਮੰਨਣਾ ਹੈ ਕਿ ਜਾਣਬੁੱਝ ਕੇ ਕਰਾਈ ਇਨਕਮ ਟੈਕਸ ਦੀ ਜਾਂਚ ਤੇ ਸਰਵੇਖਣ ਗੰਭੀਰਤਾ ਨਾਲ ਮੀਡੀਆ ਦੀ ਆਜ਼ਾਦੀ ਨੂੰ ਕਮਜ਼ੋਰ ਕਰੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੀਆਂ ਕੋਸ਼ਿਸ਼ਾਂ ਨੂੰ ਰੋਕਣਾ ਚਾਹੀਦਾ ਹੈ।

ਐਡੀਟਰਜ਼ ਗਿਲਡ ਨੇ ਇਸ ਗੱਲ ’ਤੇ ਗੁੱਸਾ ਜ਼ਾਹਰ ਕੀਤਾ ਕਿ ਰਾਘਵ ਬਹਿਲ ਨੂੰ ਆਮਦਨ ਕਰ ਅਧਿਕਾਰੀਆਂ ਨੂੰ ਕਿਸੇ ਕਿਸਮ ਦੀ ਮੇਲ ਤੇ ਦਸਤਾਵੇਜ਼ ਦੇਖਣ ਤੋਂ ਇਨਕਾਰ ਕਰਨਾ ਪਿਆ ਜਿਸ ਵਿੱਚ ਬਹੁਤ ਗੰਭੀਰ ਤੇ ਸੰਵੇਦਨਸ਼ੀਲ ਪੱਤਰਕਾਰੀ ਸਬੰਧੀ ਸਮੱਗਰੀ ਹੋ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇਹ ਵੀ ਕਹਿਣਾ ਪਿਆ ਕਿ ਜੇ ਅਧਿਕਾਰੀ ਇਸ ਤਰ੍ਹਾਂ ਕਰਦੇ ਹਨ ਤਾਂ ਇਸ ਦੇ ਖਿਲਾਫ ਸਖ਼ਤ ਕਦਮ ਚੁੱਕਣੇ ਪੈ ਸਕਦੇ ਹਨ।

ਪੂਰਾ ਮਾਮਲਾ 

ਇਨਕਮ ਟੈਕਸ ਵਿਭਾਗ ਨੇ ਅੱਜ ਕਥਿਤ ਟੈਕਸ ਚੋਰੀ ਨਾਲ ਜੁੜੇ ਇੱਕ ਮਾਮਲੇ ਵਿੱਚ ਮੀਡੀਆ ਸੈਕਟਰ ਦੇ ਦਿੱਗਜ ਰਾਘਵ ਬਹਿਲ ਦੇ ਨੋਇਡਾ ਸਥਿਤ ਘਰ ਦਫਤਰ ਵਿੱਚ ਤਲਾਸ਼ੀ ਲਈ। ਅਧਿਕਾਰੀਆਂ ਨੇ ਦੱਸਿਆ ਕਿ ਅਧਿਕਾਰੀਆਂ ਦੀ ਇੱਕ ਟੀਮ ਨੇ ਬਹਿਲ ਦੇ ਘਰ ਛਾਪਾ ਮਾਰਿਆ ਤੇ ਜਾਂਚ ਕੀਤੀ ਜਾ ਰਹੇ ਮਾਮਲੇ ਨਾਲ ਸਬੰਧਤ ਦਸਤਾਵੇਜ਼ਾਂ ਤੇ ਹੋਰ ਸਬੂਤਾਂ ਦੀ ਭਾਲ਼ ਕੀਤੀ ਜਾ ਰਹੀ ਹੈ।

ਮੰਨਿਆ ਜਾ ਰਿਹਾ ਹੈ ਕਿ ਵੱਖ-ਵੱਖ ਲੋਕਾਂ ਵੱਲੋਂ ਟੈਕਸ ਚੋਰੀ ਦੇ ਮਾਮਲੇ ਨਾਲ ਸਬੰਧਤ ਜਾਂਚ ਦੇ ਸਬੰਧ ਵਿੱਚ ਕੁਝ ਹੋਰ ਲੋਕਾਂ ਦੀ ਰਿਹਾਇਸ਼ ’ਤੇ ਵੀ ਤਲਾਸ਼ੀ ਕੀਤੀ ਜਾ ਰਹੀ ਹੈ।