ਰਾਫ਼ੇਲ 'ਤੇ ਨਵੇਂ ਖੁਲਾਸੇ ਮਗਰੋਂ ਰਾਹੁਲ ਨੇ ਮੋਦੀ ਨੂੰ ਦੱਸਿਆ ਭ੍ਰਿਸ਼ਟ ਤੇ ਅੰਬਾਨੀ ਦਾ ਚੌਕੀਦਾਰ
ਏਬੀਪੀ ਸਾਂਝਾ | 11 Oct 2018 03:32 PM (IST)
ਨਵੀਂ ਦਿੱਲੀ: ਰਾਫ਼ੇਲ ਲੜਾਕੂ ਜਹਾਜ਼ ਸੌਦੇ 'ਤੇ ਹੋਏ ਨਵੇਂ ਖੁਲਾਸੇ ਤੋਂ ਬਾਅਦ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਿਰੁੱਧ ਵੱਡਾ ਹਮਲਾ ਬੋਲਿਆ ਹੈ। ਰਾਹੁਲ ਨੇ ਕਿਹਾ ਕਿ ਉਹ ਦੇਸ਼ ਦੇ ਨੌਜਵਾਨਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਭਾਰਤ ਦਾ ਪ੍ਰਧਾਨ ਮੰਤਰੀ ਭ੍ਰਿਸ਼ਟ ਤੇ ਚੋਰ ਹੈ। ਰਾਹੁਲ ਗਾਂਧੀ ਨੇ ਰੱਖਿਆ ਮੰਤਰੀ ਦੇ ਅਚਨਚੇਤ ਫ਼ਰਾਂਸ ਦੌਰੇ 'ਤੇ ਵੀ ਸਵਾਲ ਚੁੱਕੇ। ਗਾਂਧੀ ਨੇ ਟਵੀਟ ਵੀ ਕੀਤਾ ਹੈ ਕਿ ਹੁਣ ਰਾਫ਼ੇਲ ਸੌਦੇ 'ਤੇ ਕਾਨੂੰਨੀ ਤਰੀਕੇ ਨਾਲ ਪੜ੍ਹਦੇ ਪਾਉਣ ਦੀ ਕਵਾਇਦ ਵੀ ਸ਼ੁਰੂ ਹੋ ਚੁੱਕੀ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਨੇ ਕਿਹਾ ਕਿ ਰਾਫ਼ੇਲ 'ਤੇ ਪਹਿਲਾਂ ਹੀ ਫ਼ਰਾਂਸ ਦੇ ਰਾਸ਼ਟਰਪਤੀ ਕਹਿ ਚੁੱਕੇ ਹਨ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਰਾਫ਼ੇਲ ਦਾ ਠੇਰਾ ਅਨਿਲ ਅੰਬਾਨੀ ਨੂੰ ਹੀ ਮਿਲਣਾ ਚਾਹੀਦਾ ਹੈ। ਹੁਣ ਰਾਫ਼ੇਲ ਦੇ ਸੀਨੀਅਰ ਅਧਿਕਾਰੀ ਨੇ ਵੀ ਇਹ ਗੱਲ ਕਹੀ ਹੈ। ਉਨ੍ਹਾਂ ਦੋਸ਼ ਲਾਇਆ ਮੋਦੀ ਨੇ 30 ਹਜ਼ਾਰ ਕਰੋੜ ਰੁਪਏ ਹਵਾਈ ਫ਼ੌਜ ਤੋਂ ਖੋਹ ਕੇ ਅੰਬਾਨੀ ਦੀ ਜੇਬ ਵਿੱਚ ਪਾ ਦਿੱਤੇ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਲੋਕ ਸਭਾ ਵਿੱਚ ਵੀ ਇਹੋ ਸਵਾਲ ਪੁੱਛਿਆ ਸੀ ਤੇ ਹੁਣ ਪੂਰਾ ਦੇਸ਼ ਰਾਫ਼ੇਲ ਬਾਰੇ ਪੁੱਛ ਰਿਹਾ ਹੈ। ਉਨ੍ਹਾਂ ਟਿੱਪਣੀ ਕੀਤੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੂੰ ਆਖ਼ਰ ਕੀ ਐਮਰਜੈਂਸੀ ਹੋ ਗਈ ਕਿ ਉਨ੍ਹਾਂ ਨੂੰ ਫ਼ਰਾਂਸ ਦੀ ਦਾਸੋ ਫ਼ੈਕਟੀ ਜਾਣਾ ਪਿਆ ਹੈ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕੀ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਫ਼ਰਾਂਸ ਦੇ ਮੀਡੀਆ ਨੇ ਰਾਫ਼ੇਲ ਸੌਦੇ ਬਾਰੇ ਨਵਾਂ ਖੁਲਾਸਾ ਕਰਦਿਆਂ ਕਿਹਾ ਕਿ ਰਾਫ਼ੇਲ ਬਣਾਉਣ ਵਾਲੀ ਕੰਪਨੀ ਦਾਸੋ ਏਵੀਏਸ਼ਨ ਦੇ ਅੰਦਰੂਨੀ ਦਸਤਾਵੇਜ਼ਾਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਆਫਸੈੱਟ ਪਾਰਟਨਰ ਦੇ ਤੌਰ 'ਤੇ ਅਨਿਲ ਅੰਬਾਨੀ ਦੀ ਰਿਲਾਇੰਸ ਡਿਫੈਂਸ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਸੀ ਦਿੱਤਾ ਗਿਆ। ਉੱਥੇ ਹੀ ਦਾਸੋ ਨੇ ਕਿਹਾ ਹੈ ਕਿ ਰਾਫ਼ੇਲ ਸੌਦੇ ਵਿੱਚ ਆਪਣੀ ਭਾਈਵਾਲ ਕੰਪਨੀ ਚੁਣਨ ਦੀ ਉਨ੍ਹਾਂ ਨੂੰ ਪੂਰੀ ਖੁੱਲ੍ਹ ਸੀ।