ਫ਼ਤਿਹਾਬਾਦ: ਸੱਤਲੋਕ ਆਸ਼ਰਮ ਦੇ ਵਿਦਾਦਤ ਮੁਖੀ ਰਾਮਪਾਲ ਸਣੇ 15 ਲੋਕਾਂ ਨੂੰ ਹੱਤਿਆ ਦੇ ਦੋ ਕੇਸਾਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਨ੍ਹਾਂ ਮਾਮਲਿਆਂ ਵਿੱਚ ਉਨ੍ਹਾਂ ਨੂੰ ਉਮਰ ਕੈਦ ਜਾਂ ਮੌਤ ਦੀ ਸਜ਼ਾ ਹੋ ਸਕਦੀ ਹੈ। ਨਵੰਬਰ 2014 ਵਿੱਚ ਰਾਮਪਾਲ ਦੇ ਸੱਤਲੋਕ ਆਸ਼ਰਮ ਵਿੱਚ ਹਿੰਸਾ ਹੋਈ ਸੀ। ਇਸ ਦੌਰਾਨ ਛੇ ਔਰਤਾਂ ਤੇ ਇੱਕ ਬੱਚੇ ਦੀ ਮੌਤ ਹੋ ਗਈ ਸੀ। ਪੁਲਿਸ ਰਾਮਪਾਲ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਸੀ, ਜਿਸ ਤੋਂ ਬਾਅਦ ਉਸ ਦੇ ਸਮਰਥਕਾਂ ਨੇ ਹਿੰਸਾ ਕੀਤੀ ਸੀ। ਇਸ ਮਾਮਲੇ ਵਿੱਚ ਸਜ਼ਾ ਦਾ ਐਲਾਨ 16 ਅਕਤੂਬਰ ਨੂੰ ਹੋਏਗਾ। ਜਦੋਂਕਿ ਚਾਰ ਔਰਤਾਂ ਤੇ ਇੱਕ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਰਾਮਪਾਲ ਸਣੇ 13 ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ ਵਿੱਚ 17 ਅਕਤੂਬਰ ਨੂੰ ਸਜ਼ਾ ਦਾ ਐਲਾਨ ਕੀਤਾ ਜਾਏਗਾ।


 

ਅੱਜ ਰਾਮਪਾਲ ਬਾਰੇ ਫੈਸਲੇ ਕਾਰਨ ਅਮਨ ਕਾਨੂੰਨ ਬਣਾਏ ਰੱਖਣ ਲਈ ਸਰਕਾਰ ਨੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਹੋਏ ਸਨ। ਹਰਿਆਣਾ ਪੁਲਿਸ ਤੇ ਸਰਕਾਰ ਇਹ ਨਹੀਂ ਚਾਹੁੰਦੇ ਸੀ ਕਿ ਰਾਮ ਰਹੀਮ ਨੂੰ ਦੋਸ਼ੀ ਠਹਿਰਾਉਣ ਤੋਂ ਬਾਅਦ ਪੰਚਕੂਲਾ ਵਿੱਚ ਜੋ ਹੋਇਆ, ਉਹ ਹਿਸਾਰ ਵਿੱਚ ਵੀ ਹੋਵੇ। ਇਸ ਲਈ ਹਿਸਾਰ ਨੂੰ ਛਾਉਣੀ ਵਿੱਚ ਹੀ ਤਬਦੀਲ ਕਰ ਦਿੱਤਾ ਗਿਆ। ਧਾਰਾ 144 ਲਾਗੂ ਕਰ ਦਿੱਤੀ ਗਈ। ਪੁਲਿਸ ਲਗਾਤਾਰ ਫਲੈਗ ਮਾਰਚ ਕਰ ਰਹੀ ਹੈ।

ਪ੍ਰਸ਼ਾਸਨ ਨੂੰ ਖ਼ਦਸ਼ਾ ਸੀ ਕਿ ਰਾਮਪਾਲ ਦੇ ਸਮਰਥਕ ਅਦਾਲਤ, ਕੇਂਦਰੀ ਜੇਲ੍ਹ, ਮਿੰਨੀ ਸਕੱਤਰੇਤ, ਟਾਊਨ ਪਾਰਕ ਤੇ ਰੇਲਵੇ ਸਟੇਸ਼ਨ ਵਰਗੀਆਂ ਥਾਵਾਂ 'ਤੇ ਜਮ੍ਹਾ ਹੋ ਸਕਦੇ ਹਨ। ਹਿਸਾਰ ਜ਼ਿਲ੍ਹੇ ਵਿੱਚ ਆਉਣ ਵਾਲੀਆਂ ਸਾਰੀਆਂ ਸੀਮਾਵਾਂ ਸੀਲ ਕਰ ਦਿੱਤੀਆਂ ਗਈਆਂ ਤੇ ਇੱਥੋਂ ਦੇ ਰੇਲ ਮਾਰਗ ਵੀ ਬੰਦ ਹਨ।

ਕੌਣ ਹੈ ਰਾਮਪਾਲ?

ਜ਼ਿਕਰਯੋਗ ਹੈ ਕਿ ਸੰਨ 1999 ਵਿੱਚ ਰਾਮਪਾਲ ਨੇ ਹਿਸਾਰ ਦੇ ਕਰੋਂਥਾ ਪਿੰਡ ਵਿੱਚ ਸੱਤਲੋਕ ਆਸ਼ਰਮ ਬਣਵਾਇਆ ਸੀ। ਸਾਲ 2000 ਵਿੱਚ ਉਸ ਨੇ ਹਰਿਆਣਾ ਸਰਕਾਰ ਦੀ ਇੰਜਨੀਅਰ ਦੀ ਨੌਕਰੀ ਤਿਆਗ ਦਿੱਤੀ ਸੀ ਤੇ ਆਪਣੇ ਸਾਮਰਾਜ ਦਾ ਵਿਸਥਾਰ ਕਰਨਾ ਸ਼ੁਰੂ ਕਰ ਦਿੱਤਾ। ਰਾਮਪਾਲ ਦੀਆਂ ਮੁਸੀਬਤਾਂ ਉਦੋਂ ਸ਼ੁਰੂ ਹੋਈਆਂ ਜਦ ਸਾਲ 2014 ਵਿੱਚ ਜ਼ਮੀਨੀ ਵਿਵਾਦ ਵਿੱਚ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਸੀ ਤੇ ਉਸ ਨੇ ਤੇ ਉਸ ਦੇ ਸਮਰਥਕਾਂ ਨੇ ਕਾਨੂੰਨ ਆਪਣੇ ਹੱਥ ਵਿੱਚ ਲੈ ਲਿਆ ਸੀ। ਉਸ ਸਮੇਂ ਪੁਲਿਸ ਤੇ ਨੀਮ ਫ਼ੌਜੀ ਦਸਤਿਆਂ ਨੇ 12 ਦਿਨਾਂ ਦੇ ਸੰਘਰਸ਼ ਤੋਂ ਬਾਅਦ ਰਾਮਪਾਲ ਨੂੰ ਗ੍ਰਿਫ਼ਤਾਰ ਕੀਤਾ ਸੀ।