Dal Lake Boat Capsized: ਸ੍ਰੀਨਗਰ ਅਤੇ ਜੰਮੂ-ਕਸ਼ਮੀਰ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਅਤੇ ਤੇਜ਼ ਹਵਾਵਾਂ ਕਰਕੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੇਜ਼ ਤੂਫਾਨੀ ਹਵਾਵਾਂ ਕਾਰਨ ਦਰੱਖਤ ਜੜ੍ਹੋਂ ਉੱਖੜ ਗਏ ਅਤੇ ਸ਼ਿਕਾਰਾ ਕਿਸ਼ਤੀ ਪਲਟ ਗਈ। ਇਸ ਹਾਦਸੇ ਵਿੱਚ ਪਿਓ-ਪੁੱਤਰ ਝੀਲ ਵਿੱਚ ਡਿੱਗ ਪਏ। ਸਥਾਨਕ ਲੋਕਾਂ ਅਤੇ ਬਚਾਅ ਟੀਮ ਨੇ ਪਿਤਾ ਨੂੰ ਤਾਂ ਸੁਰੱਖਿਅਤ ਬਾਹਰ ਕੱਢ ਲਿਆ, ਪਰ ਪੁੱਤਰ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਉਸ ਦੀ ਭਾਲ ਲਈ ਬਚਾਅ ਕਾਰਜ ਜਾਰੀ ਹੈ।
ਮੌਕੇ 'ਤੇ ਮੌਜੂਦ ਇੱਕ ਵਿਅਕਤੀ ਨੇ ਕਿਹਾ, "ਤੂਫ਼ਾਨ ਕਾਰਨ ਕਿਸ਼ਤੀ ਪਲਟ ਗਈ। ਉਸ ਵਿੱਚ ਦੋ ਲੋਕ ਸਨ। ਫਿਰ ਤਿੰਨ-ਚਾਰ ਲੋਕਾਂ ਨੇ ਉਨ੍ਹਾਂ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ। ਪਹਿਲਾਂ ਉਨ੍ਹਾਂ ਦਾ ਪਿਤਾ ਡੁੱਬਿਆ, ਫਿਰ ਪੁੱਤਰ ਉਸਨੂੰ ਲੈਣ ਗਿਆ, ਜਿਸ ਤੋਂ ਬਾਅਦ ਪਿਤਾ ਤਾਂ ਬਾਹਰ ਸੁਰੱਖਿਅਤ ਆ ਗਿਆ ਹੈ ਪਰ ਪੁੱਤਰ ਦਾ ਹਾਲੇ ਕੁਝ ਪਤਾ ਨਹੀਂ ਲੱਗ ਰਿਹਾ ਹੈ।"
ਅਧਿਕਾਰੀਆਂ ਨੇ ਦੱਸਿਆ ਕਿ ਵੱਡੇ ਪੱਧਰ 'ਤੇ ਬਚਾਅ ਕਾਰਜ ਜਾਰੀ ਹਨ। ਇਸ ਤੋਂ ਇਲਾਵਾ, ਲੋਕਾਂ ਨੂੰ ਸੁਚੇਤ ਰਹਿਣ ਅਤੇ ਖਰਾਬ ਮੌਸਮ ਦੌਰਾਨ ਪਾਣੀ ਦੇ ਸਰੋਤਾਂ ਵਿੱਚ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲਾਪਤਾ ਲੜਕੇ ਨੂੰ ਲੱਭਣ ਲਈ ਐਸਡੀਆਰਐਫ ਦੀਆਂ ਟੀਮਾਂ ਅਤੇ ਸਥਾਨਕ ਗੋਤਾਖੋਰਾਂ ਨੇ ਡੱਲ ਝੀਲ ਵਿੱਚ ਆਪਣੀ ਖੋਜ ਮੁਹਿੰਮ ਜਾਰੀ ਰੱਖੀ ਹੋਈ ਹੈ।
ਸ੍ਰੀਨਗਰ ਹਵਾਈ ਅੱਡੇ ਦੇ ਅਧਿਕਾਰੀ ਨੇ ਕਿਹਾ ਕਿ ਖਰਾਬ ਮੌਸਮ ਦਾ ਹਵਾਈ ਉਡਾਣਾਂ 'ਤੇ ਵੀ ਅਸਰ ਪਿਆ ਹੈ। ਇੰਡੀਗੋ ਦੀਆਂ ਦੋ ਉਡਾਣਾਂ 6E896/2305 (ਦਿੱਲੀ-ਸ਼੍ਰੀਨਗਰ-ਦਿੱਲੀ) ਅਤੇ 6E214 (ਮੁੰਬਈ-ਸ਼੍ਰੀਨਗਰ-ਜੰਮੂ) ਨੂੰ ਕ੍ਰਮਵਾਰ ਚੰਡੀਗੜ੍ਹ ਅਤੇ ਦਿੱਲੀ ਵੱਲ ਡਾਇਵਰਟ ਕਰ ਦਿੱਤਾ ਗਿਆ ਹੈ। ਤੇਜ਼ ਹਵਾਵਾਂ ਕਾਰਨ ਕਈ ਦਰੱਖਤ ਜੜ੍ਹੋਂ ਉੱਖੜ ਗਏ, ਜਿਸ ਕਾਰਨ ਭਾਰੀ ਆਵਾਜਾਈ ਜਾਮ ਹੋ ਗਈ। ਹਾਲਾਂਕਿ, ਸੜਕ ਸਾਫ਼ ਕਰਨ ਤੋਂ ਬਾਅਦ, ਆਵਾਜਾਈ ਬਹਾਲ ਕਰ ਦਿੱਤੀ ਗਈ ਹੈ।