ਨਵੀਂ ਦਿੱਲੀ: ਉੜੀਸਾ ਦੇ ਜ਼ਿਲ੍ਹਾ ਕੋਰਾਪੁਰ ਦੇ ਲਮਤਾਪੁਰ ਪ੍ਰਾਇਮਰੀ ਸਕੂਲ ਦੇ ਇੱਕ ਅਧਿਆਪਕ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਘੁੰਮ ਰਹੀ ਹੈ। ਪ੍ਰਫੁੱਲ ਕੁਮਾਰ ਪਾਥੀ ਨਾਂ ਦੇ ਇਸ ਅਧਿਆਪਕ ਦਾ ਬੱਚਿਆਂ ਨੂੰ ਪੜ੍ਹਾਉਣ ਦਾ ਤਰੀਕਾ ਇੰਨਾ ਵਿਲੱਖਣ ਹੈ ਕਿ ਜਿਹੜਾ ਵੀ ਵਿਅਕਤੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਉਹ ਉਨ੍ਹਾਂ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਰਿਹਾ ਹੈ।

ਵੀਡੀਓ ਵਿੱਚ ਪ੍ਰਫੁੱਲ ਕੁਮਾਰ ਪਾਥੀ ਬੱਚਿਆਂ ਨੂੰ ਨੱਚ-ਨੱਚ ਕੇ ਕੋਈ ਕਵਿਤਾ ਯਾਦ ਕਰਵਾ ਰਹੇ ਹਨ। ਬੱਚੇ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਉਸੇ ਐਕਸ਼ਨ ਵਿੱਚ ਕਵਿਤਾ ਦੀਆਂ ਪੰਕਤੀਆਂ ਨੂੰ ਦੁਹਰਾ ਰਹੇ ਹਨ। ਪਾਥੀ ਨੇ ਆਪਣੇ ਸਾਰੇ ਪਾਠਾਂ ਨੂੰ ਇੱਕ ਗਾਣੇ ਵਿੱਚ ਬਦਲ ਦਿੱਤਾ ਹੈ। ਡਾਂਸਿੰਗ ਸਰ ਵਜੋਂ ਮਸ਼ਹੂਰ 56 ਸਾਲਾ ਪ੍ਰਫੁੱਲ ਕੁਮਾਰ ਪਾਥੀ 2008 ਤੋਂ ਬੱਚਿਆਂ ਨੂੰ ਇਸੇ ਖਾਸ ਅੰਦਾਜ਼ ਵਿੱਚ ਪੜ੍ਹਾ ਰਹੇ ਹਨ। ਉਸ ਸਮੇਂ ਦੌਰਾਨ ਉਹ ਸਰਵ ਸਿੱਖਿਆ ਅਭਿਆਨ ਨਾਲ ਜੁੜੇ ਹੋਏ ਸਨ।

ਇੱਕ ਅੰਗ੍ਰੇਜ਼ੀ ਅਖਬਾਰ ਨਾਲ ਗੱਲਬਾਤ ਕਰਦਿਆਂ ਪਾਥੀ ਨੇ ਕਿਹਾ, 'ਸਿੱਖਿਆ ਨੂੰ ਮਜ਼ੇਦਾਰ ਬਣਾਇਆ ਜਾਣਾ ਚਾਹੀਦਾ ਹੈ ਨਾ ਕਿ ਨੀਰਸ।' ਇਸ ਲਈ ਮੈਂ ਆਪਣੀ ਪੜ੍ਹਾਈ ਦਾ ਤਰੀਕਾ ਈਜ਼ਾਦ ਕੀਤਾ। ਇਕ ਵਾਰ ਜਦੋਂ ਮੈਂ ਉਨ੍ਹਾਂ ਨੂੰ ਗੀਤਾਂ ਤੇ ਡਾਂਸ ਦੇ ਜ਼ਰੀਏ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਬੱਚੇ ਪੜ੍ਹਾਈ ਵਿੱਚ ਵਧੇਰੇ ਰੁਚੀ ਲੈਣ ਲੱਗ ਪਏ। ਬੱਚੇ ਸਕੂਲ ਆਉਣ ਲਈ ਵਧੇਰੇ ਝੁਕਾਅ ਦਿਖਾ ਰਹੇ ਹਨ।'