ਕੇਜਰੀਵਾਲ ਦੀ ਧੀ ਨੂੰ ਜਾਨੋਂ ਮਾਰਨ ਦੀ ਧਮਕੀ
ਏਬੀਪੀ ਸਾਂਝਾ | 13 Jan 2019 11:11 AM (IST)
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਧੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਬੀਤੀ ਨੌਂ ਜਨਵਰੀ ਨੂੰ ਮੁੱਖ ਮੰਤਰੀ ਦਫ਼ਤਰ ਧਮਕੀ ਭਰੀ ਈ-ਮੇਲ ਪ੍ਰਾਪਤ ਹੋਈ। ਇਸ ਮਗਰੋਂ ਪੁਲਿਸ ਨੇ ਕੇਜਰੀਵਾਲ ਦੀ ਧੀ ਨੂੰ ਵਿਸ਼ੇਸ਼ ਸੁਰੱਖਿਆ ਦੇ ਦਿੱਤੀ ਹੈ। ਮੁੱਖ ਮੰਤਰੀ ਦਫ਼ਤਰ ਵੱਲੋਂ ਧਮਕੀ ਭਰਿਆ ਈ-ਮੇਲ ਮਿਲਣ ਮਗਰੋਂ ਤੁਰੰਤ ਪੁਲਿਸ ਕਮਿਸ਼ਨਰ ਨੂੰ ਸੂਚਨਾ ਦਿੱਤੀ ਗਈ ਤੇ ਉਨ੍ਹਾਂ ਸਾਈਬਰ ਸੈੱਲ ਨੂੰ ਇਸ ਦੀ ਜਾਂਚ ਸੌਂਪ ਦਿੱਤੀ। ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਦੀ ਧੀ ਹਰਸ਼ਿਤਾ ਵੀ ਆਪਣੇ ਪਿਤਾ ਵਾਂਗ ਦਿੱਲੀ ਆਈਟੀਆਈ ਤੋਂ ਪੜ੍ਹਾਈ ਕਰ ਰਹੀ ਹੈ। ਹਰਸ਼ਿਤਾ ਪੜ੍ਹਾਈ ਵਿੱਚ ਕਾਫੀ ਹੁਸ਼ਿਆਰ ਹੈ ਅਤੇ ਹੁਣ ਉਹ ਕੇਜਰੀਵਾਲ ਨਾਲ ਸਿਆਸਤ ਵਿੱਚ ਵੀ ਰੁਚੀ ਦਿਖਾਉਣ ਲੱਗੀ ਹੈ। ਫਿਲਹਾਲ ਪੁਲਿਸ ਕਿਸੇ ਵੀ ਮੁਲਜ਼ਮ ਤਕ ਨਹੀਂ ਪਹੁੰਚ ਸਕੀ ਹੈ।