ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਲਾਲ ਕਿਲੇ ’ਤੇ ਵਾਪਰੀ ਘਟਨਾ ਨਾਲ ਸਬੰਧਤ ਮਾਮਲੇ ਦੇ ਮੁਲਜ਼ਮ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਹੁਣ ਆਪਣੀ ਉਹ ਅਰਜ਼ੀ ਵਾਪਸ ਲੈ ਲਈ ਹੈ, ਜਿਸ ਵਿੱਚ ਉਸ ਨੇ ਜੇਲ੍ਹ ਅੰਦਰ ਆਪਣੀ ਖ਼ਾਸ ਸੁਰੱਖਿਆ ਸੁਰੱਖਿਆ ਮੰਗੀ ਸੀ। ਸਿੱਧੂ ਨੇ ਅਜਿਹਾ ਇਸ ਲਈ ਕੀਤਾ ਹੈ ਕਿਉਕਿ ਹੁਣ ਉਸ ਨੂੰ ਇੱਕ ਵੱਖਰੇ ਸੈੱਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

 

ਦੀਪ ਸਿੱਧੂ ਦੇ ਵਕੀਲ ਅਭਿਸ਼ੇਕ ਗੁਪਤਾ ਨੇ ਚੀਫ਼ ਮੈਟਰੋਪਾਲਿਟਨ ਮੈਜਿਸਟ੍ਰੇਟ ਗਜੇਂਦਰ ਸਿੰਘ ਨਾਗਰ ਨੂੰ ਕਿਹਾ,‘ਅਸੀਂ ਹੁਣ ਸੁਰੱਖਿਆ ਲਈ ਦਾਇਰ ਕੀਤੀ ਆਪਣੀ ਅਰਜ਼ੀ ਵਾਪਸ ਲੈ ਰਹੇ ਹਾਂ ਕਿਉਂਕਿ ਸਿੱਧੂ ਨੂੰ ਵੱਖਰੇ ਸੈੱਲ ਵਿੱਚ ਭੇਜ ਦਿੱਤਾ ਗਿਆ ਹੈ।’ ਦੀਪ ਸਿੱਧੂ ਦੀ ਦੂਜੀ ਅਰਜ਼ੀ ਉੱਤੇ ਸੁਣਵਾਈ ਸ਼ੁੱਕਰਵਾਰ ਦੁਪਹਿਰ ਨੂੰ ਹੋ ਰਹੀ ਹੈ; ਜਿਸ ਵਿੱਚ ਉਸ ਨੇ ‘ਨਿਆਂਪੂਰਨ ਅਤੇ ਨਿਰਪੱਖ ਜਾਂਚ’ ਦੀ ਮੰਗ ਕੀਤੀ ਹੈ ਅਤੇ ਪੁਲਿਸ ਨੂੰ ਕੁਝ ਅੰਕੜੇ ਰਿਕਾਰਡ ’ਤੇ ਲਿਆਉਣ ਲਈ ਕਿਹਾ ਹੈ।

 

ਦੱਸ ਦੇਈਏ ਕਿ ਬੀਤੀ 23 ਫ਼ਰਵਰੀ ਨੂੰ ਅਦਾਲਤ ਨੇ ਮੁਲਜ਼ਮ ਦੀਪ ਸਿੱਧੂ ਨੂੰ ਜੁਡੀਸ਼ੀਅਲ ਹਿਰਾਸਤ ’ਚ ਭੇਜ ਦਿੱਤਾ ਗਿਆ ਸੀ। ਬੀਤੀ 26 ਜਨਵਰੀ ਨੂੰ ਅੰਦੋਲਨਕਾਰੀ ਕਿਸਾਨ ਜਦੋਂ ਟ੍ਰੈਕਟਰ ਰੈਲੀ ਕੱਢ ਰਹੇ ਸਨ, ਤਦ ਰੋਸ ਪ੍ਰਦਰਸ਼ਨਕਾਰੀਆਂ ਦਾ ਇੱਕ ਵਰਗ ਲਾਲ ਕਿਲੇ ਅੰਦਰ ਦਾਖ਼ਲ ਹੋ ਗਿਆ ਸੀ ਤੇ ਉੱਥੇ ਨਿਸ਼ਾਨ ਸਾਹਿਬ ਲਹਿਰਾ ਦਿੱਤਾ ਸੀ।

 
ਦਿੱਲੀ ਪੁਲਿਸ ਨੇ ਉੱਥੇ ਵਾਪਰੀ ਹਿੰਸਾ ਲਈ ਦੀਪ ਸਿੱਧੂ ਨੂੰ ਮੁੱਖ ਸਾਜ਼ਿਸ਼ਘਾੜਾ ਕਰਾਰ ਦਿੱਤਾ ਸੀ। ਉਸ ਉੱਤੇ ਦਿੱਲੀ ਪੁਲਿਸ ਦੇ ਜਵਾਨਾਂ ਉੱਤੇ ਕਾਤਲਾਨਾ ਹਮਲੇ ਦੀ ਕੋਸ਼ਿਸ਼, ਦੰਗਾ ਫੈਲਾਉਣ ਤੇ ਅਜਿਹੇ ਹੋਰ ਸੰਗੀਨ ਇਲਜ਼ਾਮ ਲਾਏ ਗਏ ਹਨ।