ਨਵੀਂ ਦਿੱਲੀ: ਭਾਰਤ ਵਿੱਚ ਇੱਕ ਵੱਡੇ ਰੱਖਿਆ ਸੌਦੇ ਦਾ ਖ਼ੁਲਾਸਾ ਹੋਇਆ ਹੈ। ਬ੍ਰਿਟਿਸ਼ ਅਖ਼ਬਾਰ "ਦਾ ਗਾਰਜੀਅਨ" ਤੇ ਬੀਬੀਸੀ ਨੇ ਖ਼ੁਲਾਸਾ ਕੀਤਾ ਹੈ ਕਿ ਬਰਤਾਨੀਆ ਦੀ ਰੱਖਿਆ ਕੰਪਨੀ ਰੌਲਸ ਰਾਈਸ ਨੇ ਭਾਰਤ ਵਿੱਚ ਹੌਂਕ ਏਅਰ ਕਰਾਫ਼ਟ ਇੰਜਨ ਸੌਦੇ ਵਿੱਚ ਇੱਕ ਵਿਚੋਲੇ ਸੁਧੀਰ ਚੌਧਰੀ ਨੂੰ ਪੈਸੇ ਦਿੱਤੇ ਹਨ।
ਦਲਾਲੀ ਦੀ ਰਕਮ 800 ਕਰੋੜ ਰੁਪਏ ਸੀ। ਅਖ਼ਬਾਰ ਅਨੁਸਾਰ ਰੌਲਸ ਰਾਈਸ ਨੇ 10 ਮਿਲੀਅਨ ਪੌਂਡ (ਅੱਠ ਸੋ ਕਰੋੜ) ਦਾ ਗੁਪਤ ਭੁਗਤਾਨ ਹਥਿਆਰ ਡੀਲਰ ਸੁਧੀਰ ਚੌਧਰੀ ਨੂੰ ਕੀਤਾ ਹੈ। ਸੁਧੀਰ ਚੌਧਰੀ ਨੂੰ ਭਾਰਤ ਸਰਕਾਰ ਪਹਿਲਾਂ ਬਲੈਕ ਲਿਸਟ ਕਰ ਚੁੱਕੀ ਹੈ।
2014 ਵਿੱਚ ਸੁਧੀਰ ਚੌਧਰੀ ਨੂੰ ਬ੍ਰਿਟੇਨ ਵਿੱਚ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ ਪਰ ਸਬੂਤਾਂ ਦੀ ਕਮੀ ਦੇ ਕਾਰਨ ਉਹ ਬਚ ਗਿਆ ਸੀ। ਪੜਤਾਲ ਵਿੱਚ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਸੁਧੀਰ ਚੌਧਰੀ ਨੂੰ ਰੂਸ ਦੀ ਰੱਖਿਆ ਕੰਪਨੀਆਂ ਨੇ ਵੀ ਕਰੂਜ਼ ਮਿਜ਼ਾਈਲ ਦੇ ਨਾਮ ਉੱਤੇ 2007-08 ਦਰਮਿਆਨ 100 ਮਿਲੀਅਨ ਯੂਰੋ ਯਾਨੀ ਕਰੀਬ ਸੱਤ ਹਜ਼ਾਰ ਤਿੰਨ ਸੋ ਕਰੋੜ ਰੁਪਏ ਦਿੱਤੇ ਸਨ।
ਸਾਲ 2011 ਵਿੱਚ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ HAL ਤੇ ਬ੍ਰਿਟਿਸ਼ ਕੰਪਨੀ ਰੌਲਸ ਰਾਈਸ ਦੇ ਵਿਚਕਾਰ 10 ਹਜ਼ਾਰ ਕਰੋੜ ਦਾ ਰੱਖਿਆ ਸੌਦਾ ਹੋਇਆ ਸੀ। ਇਹ ਸੌਦਾ ਹੌਂਕ ਜੈੱਟ ਟਰੇਨਰ ਦੇ ਇੰਜਨ ਦੇ ਲਈ ਹੋਇਆ ਸੀ। ਸਾਲ 2014 ਵਿੱਚ ਹੀ ਇਸ ਸੌਦੇ ਵਿੱਚ ਦਲਾਲੀ ਹੋਣ ਦਾ ਖ਼ੁਲਾਸਾ ਹੋਇਆ।
ਸਾਲ 2014 ਵਿੱਚ ਹੀ ਇਸ ਸੌਦੇ ਉੱਤੇ ਰੋਕ ਲਾ ਦਿੱਤੀ ਗਈ ਤੇ ਸੀ.ਬੀ.ਆਈ. ਨੂੰ ਕੇਸ ਜਾਂਚ ਲਈ ਸੌਂਪ ਦਿੱਤਾ ਗਿਆ। ਦੱਸਿਆ ਗਿਆ ਕਿ 2 ਅਕਤੂਬਰ, 2008 ਨੂੰ ਚੌਧਰੀ ਦੀਆਂ ਵੱਖ-ਵੱਖ ਕੰਪਨੀਆਂ ਦੇ ਖਾਤਿਆਂ ਵਿੱਚ ਪੈਸੇ ਟਰਾਂਸਫ਼ਰ ਕਰ ਦਲਾਲੀ ਦੀ ਭੁਗਤਾਨ ਕੀਤਾ ਗਿਆ।