ਨਵੀਂ ਦਿੱਲੀ: ਪਾਕਿਸਤਾਨ ਨੇ ਪੁਣਛ ਤੇ ਰਾਜੌਰੀ ਵਿੱਚ ਅੰਨ੍ਹੇਵਾਹ ਫਾਇਰਿੰਗ ਕੀਤੀ ਹੈ। ਰਾਜੌਰੀ ਵਿੱਚ ਫਾਇਰਿੰਗ ਦੌਰਾਨ ਭਾਰਤੀ ਫੌਜ ਦਾ ਜਵਾਨ ਸ਼ਹੀਦ ਹੋ ਗਿਆ ਹੈ। ਇਸ ਦੇ ਨਾਲ ਹੀ ਮੇਂਡਰ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਤੇ ਇੱਕ ਵਿਅਕਤੀ ਜ਼ਖ਼ਮੀ ਹੋਇਆ ਹੈ।


ਰਾਜੌਰੀ ਵਿੱਚ ਪਾਕਿਸਤਾਨ ਲਗਾਤਾਰ ਫਾਇਰਿੰਗ ਕਰ ਰਿਹਾ ਹੈ। ਸਵੇਰੇ ਨੌਂ ਵਜੇ ਤੋਂ ਪਾਕਿ ਰੇਂਜਰਾਂ ਨੇ ਭਾਰਤੀ ਸੁਰੱਖਿਆ ਚੌਕੀਆਂ ਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਮੋਰਟਾਰ ਦਾਗਣੇ ਸ਼ੁਰੂ ਕਰ ਦਿੱਤੇ। ਮੇਂਡਰ ਸੈਕਟਰ ਵਿੱਚ ਪਾਕਿਸਤਾਨ ਦੀ ਫਾਇਰਿੰਗ ਨਾਲ 55 ਸਾਲ ਦੀ ਰਸ਼ੀਦਾ ਬੇਗਮ ਦੀ ਮੌਤ ਹੋ ਗਈ ਜਦੋਂਕਿ ਉਸ ਦੀ ਬੇਟੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ।

ਕਾਬਲੇਗੌਰ ਹੈ ਕਿ ਭਾਰਤ ਵੱਲੋਂ ਪਾਕਿਸਤਾਨ ਵਿੱਚ ਕੀਤੇ ਗਏ ਸਰਜੀਕਲ ਸਟ੍ਰਾਈਕ ਤੋਂ ਬਾਅਦ ਸਰਹੱਦ 'ਤੇ ਗੋਲੀਬੰਦੀ ਦੀ ਵਾਰ-ਵਾਰ ਉਲੰਘਣਾ ਹੋ ਰਹੀ ਹੈ। ਦੋਵਾਂ ਪਾਸਿਆਂ ਤੋਂ ਰੋਜ਼ਾਨਾ ਗੋਲੀਬਾਰੀ ਹੋ ਰਹੀ ਹੈ। ਇਸ ਨਾਲ ਸਰਹੱਦੀ ਇਲਾਕਿਆਂ ਵਿੱਚ ਵੱਸੇ ਲੋਕਾਂ ਦੀ ਜ਼ਿੰਦਗੀ ਨਰਕ ਬਣੀ ਹੋਈ ਹੈ।