Radioactive Device Found In Dehradun: ਉੱਤਰਾਖੰਡ ਪੁਲਸ ਨੇ ਸ਼ੁੱਕਰਵਾਰ (12 ਜੁਲਾਈ) ਨੂੰ ਦੇਹਰਾਦੂਨ 'ਚ ਸ਼ੱਕੀ ਰੇਡੀਓਐਕਟਿਵ ਸਮੱਗਰੀ ਵਾਲਾ ਇਕ ਬਾਕਸ ਰੱਖਣ ਦੇ ਦੋਸ਼ 'ਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੇਹਰਾਦੂਨ ਪੁਲਸ ਨੂੰ ਵੀਰਵਾਰ ਨੂੰ ਰਾਜਪੁਰ ਪੁਲਸ ਸਟੇਸ਼ਨ 'ਚ ਇਕ ਮੁਖਬਰ ਨੇ ਸੂਚਨਾ ਦਿੱਤੀ ਕਿ ਸ਼ਹਿਰ ਦੇ ਇਕ ਫਲੈਟ 'ਚ ਕੁਝ ਸ਼ੱਕੀ ਲੋਕ ਆਏ ਹਨ। ਪੁਲਿਸ ਨੂੰ ਮੁਖਬਰ ਨੇ ਦੱਸਿਆ ਸੀ ਕਿ ਇਹ ਲੋਕ ਰੇਡੀਓ ਐਕਟਿਵ ਡਿਵਾਈਸ ਲੈ ਕੇ ਆਏ ਸਨ ਅਤੇ ਇਸ ਨੂੰ ਖਰੀਦਣ ਜਾਂ ਵੇਚਣ ਦੀ ਗੱਲ ਕਰ ਰਹੇ ਸਨ।



ਸੂਚਨਾ ਮਿਲਦੇ ਹੀ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਫਲੈਟ 'ਤੇ ਛਾਪਾ ਮਾਰਿਆ ਜਿੱਥੇ ਪੰਜ ਲੋਕ ਮੌਜੂਦ ਸਨ। ਉਨ੍ਹਾਂ ਕੋਲੋਂ ਇੱਕ ਯੰਤਰ ਮਿਲਿਆ ਜਿਸ 'ਤੇ ਰੇਡੀਓਗ੍ਰਾਫ ਕੈਮਰਾ ਮੈਨੂਫੈਕਚਰਡ ਬਾਏ ਬੋਰਡ ਆਫ਼ ਰੇਡੀਏਸ਼ਨ ਐਂਡ ਆਈਸੋਟੋਪ ਟੈਕਨਾਲੋਜੀ, ਭਾਰਤ ਸਰਕਾਰ, ਡਿਪਾਰਟਮੈਂਟ ਆਫ਼ ਐਟੋਮਿਕ ਐਨਰਜੀ ਬੀਏਆਰਸੀ/ਬ੍ਰਿਟ ਵਾਸ਼ੀ ਕੰਪਲੈਕਸ ਸੈਕਟਰ 20 ਵਾਸ਼ੀ ਨਵੀਂ ਮੁੰਬਈ ਲਿਖਿਆ ਹੋਇਆ ਸੀ।


ਰੇਡੀਏਸ਼ਨ ਦਾ ਖ਼ਤਰਾ


ਪੁਲਿਸ ਨੇ ਇਹ ਵੀ ਦੱਸਿਆ ਕਿ ਫੜੇ ਜਾਣ 'ਤੇ ਸ਼ੱਕੀਆਂ ਨੇ ਇਹ ਵੀ ਦੱਸਿਆ ਕਿ ਇਸ ਵਿਚ ਰੇਡੀਓ ਐਕਟਿਵ ਪਾਵਰ ਹੈ ਅਤੇ ਜੇਕਰ ਇਸ ਨੂੰ ਖੋਲ੍ਹਿਆ ਜਾਵੇ ਤਾਂ ਰੇਡੀਏਸ਼ਨ ਦਾ ਖ਼ਤਰਾ ਹੈ। ਪੁਲਸ ਨੇ ਦੱਸਿਆ ਕਿ ਕੁਝ ਹੋਰ ਲੋਕਾਂ ਦੇ ਨਾਂ ਵੀ ਸਾਹਮਣੇ ਆਏ ਹਨ, ਜਿਨ੍ਹਾਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਰੇਡੀਏਸ਼ਨ ਫੈਲਣ ਦੇ ਖਤਰੇ ਨੂੰ ਦੇਖਦੇ ਹੋਏ ਪੁਲਸ ਟੀਮ ਨੇ ਇਕ ਕਮਰੇ 'ਚ ਯੰਤਰ ਨੂੰ ਸੀਲ ਕਰ ਦਿੱਤਾ ਹੈ ਅਤੇ ਇਸ ਬਾਰੇ ਜਾਣਕਾਰੀ ਰੱਖਣ ਵਾਲੀ ਇਕ ਹੋਰ ਟੀਮ ਨੂੰ ਬੁਲਾਇਆ ਹੈ।



 BARC ਵਿੱਚ ਬਣਾਏ ਜਾਂਦੇ ਹਨ ਅਜਿਹੇ ਯੰਤਰ


ਜਾਂਚ ਵਿਚ ਪਾਇਆ ਗਿਆ ਕਿ ਡਿਵਾਈਸ ਵਿਚ ਸੰਭਾਵਤ ਤੌਰ 'ਤੇ ਰੇਡੀਓ ਐਕਟਿਵ ਸਮੱਗਰੀ ਸੀ। ਇਹ ਵੀ ਖੁਲਾਸਾ ਹੋਇਆ ਹੈ ਕਿ ਇਹ ਯੰਤਰ ਮੁੰਬਈ ਸਥਿਤ ਭਾਭਾ ਐਟੋਮਿਕ ਰਿਸਰਚ ਸੈਂਟਰ ਯਾਨੀ ਬੀਏਆਰਸੀ ਵਿੱਚ ਤਿਆਰ ਕੀਤੇ ਜਾਂਦੇ ਹਨ ਅਤੇ ਇਹਨਾਂ ਯੰਤਰਾਂ ਦੀ ਵਰਤੋਂ ਮੈਡੀਕਲ ਖੇਤਰ ਵਿੱਚ ਵੱਡੀਆਂ ਪਾਈਪਲਾਈਨਾਂ ਵਿੱਚ ਲੀਕੇਜ ਦੀ ਜਾਂਚ ਲਈ ਕੀਤੀ ਜਾਂਦੀ ਹੈ।


 ਗੁਰੂਗ੍ਰਾਮ ਦੇ ਇੱਕ ਵਿਅਕਤੀ ਨਾਲ ਹੋਣੀ ਸੀ ਇਹ ਡੀਲ


ਜਦੋਂ ਪੁਲਿਸ ਨੇ ਸਾਰਾ ਸਮਾਨ ਜ਼ਬਤ ਕਰ ਲਿਆ ਤਾਂ ਕਮਰੇ ਵਿੱਚ ਮੌਜੂਦ ਸ਼ੱਕੀ ਵਿਅਕਤੀਆਂ ਦੀ ਵੀ ਪਹਿਚਾਣ ਕੀਤੀ। ਇਸ 'ਚ ਆਗਰਾ ਨਿਵਾਸੀ ਸੁਮਿਤ ਪਾਠਕ, ਸਹਾਰਨਪੁਰ ਨਿਵਾਸੀ ਤਬਰੇਜ਼ ਆਲਮ, ਨਵੀਂ ਦਿੱਲੀ ਨਿਵਾਸੀ ਸਰਵਰ ਹੁਸੈਨ ਅਤੇ ਭੋਪਾਲ ਨਿਵਾਸੀ ਜ਼ੈਦ ਅਲੀ ਅਤੇ ਅਭਿਸ਼ੇਕ ਜੈਨ ਦੀ ਪਛਾਣ ਹੋਈ ਹੈ। ਪੁਲਸ ਅਧਿਕਾਰੀਆਂ ਨੇ ਪੁੱਛਗਿੱਛ ਕੀਤੀ, ਜਿਸ 'ਚ ਤਬਰੇਜ਼ ਆਲਮ ਨੇ ਦੱਸਿਆ ਕਿ ਉਸ ਨੇ ਇਹ ਯੰਤਰ 10-11 ਮਹੀਨੇ ਪਹਿਲਾਂ ਆਪਣੇ ਜਾਣਕਾਰ ਰਸ਼ੀਦ ਉਰਫ ਸਮੀਰ ਤੋਂ ਖਰੀਦਿਆ ਸੀ ਅਤੇ ਇਸ ਯੰਤਰ ਦੀ ਖਰੀਦ-ਵੇਚ ਨੂੰ ਲੈ ਕੇ ਗੁਰੂਗ੍ਰਾਮ ਦੇ ਰਹਿਣ ਵਾਲੇ ਸੁਮਿਤ ਪਾਠਕ ਨੂੰ ਮਿਲਣ ਆਇਆ ਸੀ।