Weather Update: ਦੇਸ਼ ਭਰ ਦੇ ਜ਼ਿਆਦਾਤਰ ਸੂਬਿਆਂ 'ਚ ਮਾਨਸੂਨ ਸਰਗਰਮ ਹੋ ਗਿਆ ਹੈ, ਜਿਸ ਕਾਰਨ ਯੂਪੀ ਤੋਂ ਲੈ ਕੇ ਬਿਹਾਰ ਤੱਕ ਬਰਸਾਤ ਦਾ ਸਿਲਸਿਲਾ ਜਾਰੀ ਹੈ। ਇਸ ਵਿਚਾਲੇ ਜਿੱਥੇ ਆਮ ਜਨਤਾ ਨੂੰ ਭੱਖਦੀ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਕਈ ਸ਼ਹਿਰ ਪਾਣੀ ਕਾਰਨ ਜਲਥਲ ਹੋ ਗਏ ਹਨ। ਇੱਕ ਪਾਸੇ ਜਿੱਥੇ ਕੁਝ ਰਾਜਾਂ ਵਿੱਚ ਜ਼ੋਰਦਾਰ ਮੀਂਹ ਪੈ ਰਿਹਾ ਹੈ ਅਤੇ ਕੁਝ ਥਾਵਾਂ 'ਤੇ ਬੂੰਦਾ-ਬਾਂਦੀ ਵੀ ਹੋ ਰਹੀ ਹੈ, ਪਰ ਦਿੱਲੀ ਵਿੱਚ ਸ਼ੁੱਕਰਵਾਰ ਨੂੰ ਵੀ ਮੀਂਹ ਦੀ ਇੱਕ ਬੂੰਦ ਨਹੀਂ ਪਈ। ਆਓ ਜਾਣਦੇ ਹਾਂ ਕਿ ਅੱਜ ਸ਼ਨੀਵਾਰ ਦੇ ਦਿਨ ਮੀਂਹ ਕੀ ਤਬਾਹੀ ਮਚਾ ਸਕਦਾ ਹੈ...



ਮੀਂਹ ਦੀ ਸੰਭਾਵਨਾ 


ਦਰਅਸਲ, ਦਿੱਲੀ ਵਿੱਚ ਮਾਨਸੂਨ ਆਏ ਨੂੰ ਕਾਫੀ ਸਮਾਂ ਹੋ ਗਿਆ ਹੈ ਪਰ ਦੋ ਦਿਨਾਂ ਤੋਂ ਦਿੱਲੀ ਵਿੱਚ ਬਾਰਿਸ਼ ਦੀ ਇੱਕ ਬੂੰਦ ਵੀ ਨਹੀਂ ਪਈ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ ਦੀ ਖੁਸ਼ਕੀ ਅੱਜ ਖਤਮ ਹੋ ਸਕਦੀ ਹੈ। ਆਈਐਮਡੀ ਮੁਤਾਬਕ ਅੱਜ ਦਿੱਲੀ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ ਪਰ ਇਹ ਮੀਂਹ ਭਾਰੀ ਨਹੀਂ ਹੋਵੇਗਾ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅੱਜ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 26 ਡਿਗਰੀ ਰਹਿਣ ਦਾ ਅਨੁਮਾਨ ਹੈ। ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਮੀਂਹ ਨਾ ਪੈਣ ਕਾਰਨ ਰਾਜਧਾਨੀ 'ਚ ਨਮੀ ਕਾਫੀ ਵਧ ਗਈ ਹੈ।


16 ਜੁਲਾਈ ਤੱਕ ਮੀਂਹ ਦਾ ਅਲਰਟ


ਦੇਸ਼ ਭਰ 'ਚ ਹੋ ਰਹੀ ਬਾਰਿਸ਼ ਦੇ ਵਿਚਕਾਰ ਮੌਸਮ ਵਿਭਾਗ ਨੇ ਉੱਤਰ ਪ੍ਰਦੇਸ਼ 'ਚ 16 ਜੁਲਾਈ ਤੱਕ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਆਈਐਮਡੀ ਦੇ ਅਨੁਸਾਰ, ਪੂਰਬੀ ਉੱਤਰ ਪ੍ਰਦੇਸ਼ ਦੇ ਖੇਤਰਾਂ ਵਿੱਚ ਇਸਦਾ ਪ੍ਰਭਾਵ ਜ਼ਿਆਦਾ ਦਿਖਾਈ ਦੇ ਸਕਦਾ ਹੈ। ਆਈਐਮਡੀ ਦੇ ਅਨੁਸਾਰ, ਅੱਜ ਪੱਛਮੀ ਉੱਤਰ ਪ੍ਰਦੇਸ਼ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਖੇਤਰਾਂ ਵਿੱਚ ਕੁਝ ਥਾਵਾਂ 'ਤੇ ਮੀਂਹ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਬਿਜਲੀ ਡਿੱਗਣ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ।


ਇਨ੍ਹਾਂ ਰਾਜਾਂ ਵਿੱਚ ਅਗਲੇ ਤਿੰਨ ਦਿਨਾਂ ਵਿੱਚ ਮੀਂਹ ਪੈ ਸਕਦਾ


ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਤੱਕ ਦੇਸ਼ ਦੇ ਕਈ ਰਾਜਾਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਆਈਐਮਡੀ ਮੁਤਾਬਕ ਕੋਂਕਣ, ਗੋਆ, ਮੱਧ ਮਹਾਰਾਸ਼ਟਰ, ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਪੱਛਮੀ ਬੰਗਾਲ, ਓਡੀਸ਼ਾ, ਸਿੱਕਮ, ਬਿਹਾਰ ਵਿੱਚ 13 ਤੋਂ 15 ਜੁਲਾਈ ਤੱਕ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਅਸਾਮ, ਮੇਘਾਲਿਆ ਅਤੇ ਅਰੁਣਾਚਲ ਪ੍ਰਦੇਸ਼ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਅਜਿਹੇ ਵਿੱਚ ਇਨ੍ਹਾਂ ਰਾਜਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਨਦੀਆਂ ਅਤੇ ਤਾਲਾਬਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।