'ਆਪ' ਉਮੀਦਵਾਰ ਸ਼ੈਲੀ ਓਬਰਾਏ ਨੇ ਸੁਪਰੀਮ ਕੋਰਟ 'ਚ ਦਾਇਰ ਪਟੀਸ਼ਨ 'ਚ ਕਿਹਾ ਹੈ ਕਿ MCD ਮੇਅਰ ਦੀ ਚੋਣ ਸਮਾਂਬੱਧ ਤਰੀਕੇ ਨਾਲ ਹੋਣੀ ਚਾਹੀਦੀ ਹੈ। ਉਨ੍ਹਾਂ ਦੀ ਪਟੀਸ਼ਨ 'ਤੇ ਸ਼ੁੱਕਰਵਾਰ ਯਾਨੀ 26 ਜਨਵਰੀ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋਣ ਦੀ ਸੰਭਾਵਨਾ ਹੈ।
ਸ਼ੈਲੀ ਓਬਰਾਏ ਨੇ ਭਾਜਪਾ 'ਤੇ ਲਾਏ ਇਹ ਦੋਸ਼
ਦਰਅਸਲ, ਐਮਸੀਡੀ ਦੇ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਦੇ ਛੇ ਮੈਂਬਰਾਂ ਦੀ ਚੋਣ ਵਾਰ-ਵਾਰ ਮੁਲਤਵੀ ਕੀਤੀ ਜਾ ਰਹੀ ਹੈ। 6 ਜਨਵਰੀ ਨੂੰ ਹੰਗਾਮੇ ਅਤੇ ਲੜਾਈ-ਝਗੜੇ ਕਾਰਨ ਚੋਣ ਮੁਲਤਵੀ ਕਰ ਦਿੱਤੀ ਗਈ ਸੀ ਅਤੇ 24 ਜਨਵਰੀ ਨੂੰ ਇੱਕ ਵਾਰ ਫਿਰ ਹੰਗਾਮੇ ਕਾਰਨ ਪ੍ਰੀਜ਼ਾਈਡਿੰਗ ਅਫ਼ਸਰ ਨੇ ਮੇਅਰ ਦੀ ਚੋਣ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਸੀ। ਭਾਜਪਾ ਦੇ ਇਸ ਸਟੈਂਡ ਤੋਂ ਨਾਰਾਜ਼ ਹੋ ਕੇ 'ਆਪ' ਉਮੀਦਵਾਰ ਸ਼ੈਲੀ ਓਬਰਾਏ ਨੇ ਮੇਅਰ ਦੀ ਚੋਣ ਕਰਵਾਉਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਨੇ ਸੁਪਰੀਮ ਕੋਰਟ ਤੋਂ ਮੇਅਰ ਦੀ ਚੋਣ ਮਿੱਥੇ ਸਮੇਂ ਅੰਦਰ ਕਰਵਾਉਣ ਦੀ ਮੰਗ ਕੀਤੀ ਹੈ। ਸ਼ੈਲੀ ਓਬਰਾਏ ਨੇ ਭਾਜਪਾ 'ਤੇ ਜਾਣਬੁੱਝ ਕੇ ਚੋਣਾਂ ਮੁਲਤਵੀ ਕਰਨ ਦਾ ਦੋਸ਼ ਲਗਾਇਆ ਹੈ।
ਇਹ ਵੀ ਪੜ੍ਹੋ : ਝੰਡਾ ਲਹਿਰਾਉਣ ਮਗਰੋਂ ਸਲੂਟ ਕਰਨਾ ਭੁੱਲੇ ਕੈਬਨਿਟ ਮੰਤਰੀ ਮੀਤ ਹੇਅਰ, ਐਸਐਸਪੀ ਨੇ ਕਰਵਾਇਆ ਯਾਦ
ਦੱਸ ਦੇਈਏ ਕਿ 15 ਸਾਲ ਬਾਅਦ 'ਆਪ' ਨੇ MCD ਚੋਣ 'ਚ ਭਾਜਪਾ ਨੂੰ ਸੱਤਾ ਤੋਂ ਬੇਦਖਲ ਕੀਤਾ ਹੈ। ਐਮਸੀਡੀ ਚੋਣਾਂ ਵਿੱਚ ‘ਆਪ’ ਨੂੰ ਬਹੁਮਤ ਮਿਲਿਆ ਹੈ। ਕੁੱਲ 250 ਕਾਰਪੋਰੇਟਰਾਂ ਵਿੱਚੋਂ 134 ਕਾਰਪੋਰੇਟਰ ਜਿੱਤ ਕੇ ਐਮਸੀਡੀ ਵਿੱਚ ਪੁੱਜੇ ਹਨ। ਭਾਜਪਾ ਦੇ 104 ਕੌਂਸਲਰ ਜਿੱਤਣ ਵਿੱਚ ਸਫਲ ਰਹੇ। ਨੌਂ ਸੀਟਾਂ 'ਤੇ ਕਾਂਗਰਸ ਅਤੇ ਤਿੰਨ ਸੀਟਾਂ 'ਤੇ ਆਜ਼ਾਦ ਉਮੀਦਵਾਰ ਜਿੱਤ ਕੇ ਦਿੱਲੀ ਨਗਰ ਨਿਗਮ 'ਚ ਪਹੁੰਚ ਗਏ ਹਨ। ਇਹੀ ਕਾਰਨ ਹੈ ਕਿ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਦੇ ਛੇ ਮੈਂਬਰਾਂ ਦੀ ਚੋਣ ਨੂੰ ਲੈ ਕੇ ਡੇਢ ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਭਾਜਪਾ ਅਤੇ 'ਆਪ' ਵਿਚਾਲੇ ਰੰਜਿਸ਼ ਚੱਲ ਰਹੀ ਹੈ।