ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਵਾ ਦੀ ਸਥਿਤੀ ਬੇਹੱਦ ਖ਼ਰਾਬ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਤਕ ਇਸ ਜ਼ਹਿਰੀਲੀ ਹਵਾ ਤੋਂ ਰਾਹਤ ਨਹੀਂ ਮਿਲੇਗੀ। ਇਸ ਤੋਂ ਬਾਅਦ ਇਸ ਵਿੱਚ ਕੁਝ ਸੁਧਾਰ ਹੋਣ ਦੀ ਸੰਭਾਵਨਾ ਹੈ। ਦਿੱਲੀ ਵਿੱਚ ਹਲਕੀ ਬਾਰਸ਼ ਦੇ ਬਾਅਦ ਹਵਾ ਦੀ ਗੁਣਵੱਤਾ ‘ਬੇਹੱਦ ਖ਼ਰਾਬ' ਸ਼੍ਰੇਣੀ ਵਿੱਚ ਦਰਜ ਕੀਤੀ ਗਈ ਹੈ।
ਯਾਦ ਰਹੇ ਪਹਿਲਾਂ ਦਿੱਲੀ ਦੀ ਪੁਲੀਤ ਆਬੋ-ਹਵਾ ਲਈ ਪੰਜਾਬ ਨੂੰ ਜ਼ਿੰਮਵਾਰ ਠਹਿਰਾਇਆ ਗਿਆ ਸੀ। ਮੁੱਖ ਮੰਤਰੀ ਅਰਵਿੰਦ ਕੇਜੀਰਵਾਲ ਨੇ ਵੀ ਕਿਹਾ ਸੀ ਕਿ ਪੰਜਾਬ ਤੋਂ ਆਏ ਪਰਾਲੀ ਦੇ ਧੂੰਏ ਨੇ ਆਬੋ-ਹਵਾ ਪੁਲੀਤ ਕੀਤੀ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜੇ ਮੁਤਾਬਕ ਸ਼ਹਿਰ ਦੀ ਹਵਾ ਦਾ ਗੁਣਵੱਤਾ ਦਾ ਸੂਚਕ ਅੰਕ (ਏਕਿਊਆਈ) 332 ਸੀ, ਜੋ ‘ਬੇਹੱਦ ਖ਼ਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ। ਸੀਪੀਸੀਬੀ ਨੇ ਦੱਸਿਆ ਕਿ ਦਿੱਲੀ ਦੇ 26 ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ‘ਬੇਹੱਦ ਖ਼ਰਾਬ’ ਜਦਕਿ ਛੇ ਇਲਾਕਿਆਂ ਵਿੱਚ ‘ਖ਼ਰਾਬ’ ਦਰਜ ਕੀਤੀ ਗਈ ਹੈ।
ਸੀਪੀਸੀਬੀ ਦੇ ਅੰਕੜਿਆਂ ਮੁਤਾਬਕ ਕੌਮੀ ਰਾਜਧਾਨੀ ਖੇਤਰ, ਗਾਜ਼ੀਆਬਾਦ, ਫਰੀਦਾਬਾਦ, ਗਰੇਟਰ ਨੋਇਡਾ ਅਤੇ ਨੋਇਡਾ ਵਿੱਚ ਹਵਾ ਦੀ ਹੁਣਵੱਤਾ ‘ਬੇਹੱਦ ਖ਼ਰਾਬ’ ਸੀ ਜਦਕਿ ਗੁਰੂਗਰਾਮ ਵਿੱਚ ਇਹ 'ਖ਼ਰਾਬ' ਸ਼੍ਰੇਣੀ ਵਿੱਚ ਦਰਜ ਕੀਤੀ ਗਈ ਸੀ। ਸੈਂਟਰ ਦੁਆਰਾ ਚਲਾਏ ਜਾ ਰਹੇ ਏਅਰ ਕੁਆਲਿਟੀ ਤੇ ਮੌਸਮ ਦੇ ਅਨੁਮਾਨ ਸਿਸਟਮ (ਟ੍ਰੈਵਲ) ਮੁਤਾਬਕ ਦਿੱਲੀ ਵਿੱਚ ਸਮੁੱਚੀ ਹਵਾ ਦੀ ਗੁਣਵੱਤਾ 'ਬੇਹੱਦ ਖ਼ਰਾਬ' ਸ਼੍ਰੇਣੀ ਵਿੱਚ ਪਹੁੰਚ ਚੁੱਕੀ ਹੈ।