ਚੰਡੀਗੜ੍ਹ: ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਨੂੰ ਵੱਡੀ ਰਾਹਤ ਦੰਦਿਆਂ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਇਸ ਦੇ ਤਹਿਤ ਹੁਣ ਉਨ੍ਹਾਂ ਦੀ ਗ੍ਰਿਫ਼ਤਾਰੀ ’ਤੇ 16 ਫਰਵਰੀ ਤਕ ਰੋਕ ਲੱਗ ਗਈ ਹੈ। ਯਾਦ ਰਹੇ ਕਿ ਵਾਡਰਾ ਖ਼ਿਲਾਫ਼ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਹਵਾਲਾ ਕਾਰੋਬਾਰ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ 6 ਫਰਵਰੀ ਨੂੰ ਵਾਡਰਾ ਨੂੰ ਈਡੀ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਜਾਂਚ ਵਿੱਚ ਸਹਿਯੋਗ ਕਰਨ ਲਈ ਵੀ ਕਿਹਾ ਗਿਆ ਹੈ। ਈਡੀ ਤਰਫੋਂ ਦਰਜ ਮਾਮਲੇ ਬਾਅਦ ਵਾਡਰਾ ਨੇ ਪਟਿਆਲਾ ਹਾਊਸ ਅਦਾਲਤ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ।
ਰੌਬਰਟ ਵਾਡਰਾ ਦੇ ਵਕੀਲ ਕੇਟੀ ਐੱਸ ਤੁਲਸੀ ਨੇ ਅਦਾਲਤ ਨੂੰ ਵਾਡਰਾ ਵੱਲੋਂ ਜਾਂਚ ਵਿੱਚ ਪੂਰਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਹੈ। ਈਡੀ ਨੇ ਵਾਡਰਾ ਦੇ ਕਰੀਬੀ ਮੰਨੇ ਜਾਂਦੇ ਸੁਨੀਲ ਅਰੋੜਾ ਖ਼ਿਲਾਫ਼ ਕਾਲੇ ਧਨ ਨੂੰ ਸਫ਼ੈਦ ਬਣਾਉਣ ਦਾ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਅਰੋੜਾ ਨੂੰ ਅਦਾਲਤ ਤੋਂ 6 ਫਰਵਰੀ ਤਕ ਲਈ ਗ੍ਰਿਫ਼ਤਾਰੀ ਤੋਂ ਅੰਤਰਿਮ ਰਾਹਤ ਮਿਲੀ ਹੋਈ ਹੈ।
ਇਹ ਮਾਮਲਾ ਲੰਡਨ ਦੇ 12, ਬ੍ਰਾਇਨਸਟਨ ਸਕੁਏਰ ਸਥਿਤ 19 ਲੱਖ ਪੌਂਡ (ਕਰੀਬ 17 ਕਰੋੜ ਰੁਪਏ) ਦੀ ਜਾਇਦਾਦ ਖ਼ਰੀਦਣ ਨਾਲ ਜੁੜਿਆ ਹੋਇਆ ਹੈ। ਈਡੀ ਨੇ ਅਦਾਲਤ ਵਿੱਚ ਕਿਹਾ ਸੀ ਕਿ ਲੰਡਨ ਸਥਿਤ ਫਲੈਟ ਨੂੰ ਭਗੌੜੇ ਡਿਫੈਂਸ ਡੀਲਰ ਸੰਜੇ ਨੇ 16 ਕਰੋੜ 80 ਲੱਖ ਰੁਪਏ ਵਿੱਚ ਖ਼੍ਰੀਦਿਆ ਸੀ।