ਪਟਨਾ: ਬਿਹਾਰ ਵਿੱਚ ਅੱਜ ਸਵੇਰੇ ਕਰੀਬ 4 ਵਜੇ ਵੱਡਾ ਰੇਲ ਹਾਦਸਾ ਵਾਪਰਿਆ। ਜੋਗਬਨੀ ਤੋਂ ਦਿੱਲੀ ਆ ਰਹੀ ਸੀਮਾਂਚਲ ਐਕਸਪ੍ਰੈਸ ਦੇ 9 ਡੱਬੇ ਪਟਰੀ ਤੋਂ ਲੱਥ ਗਏ। ਹਾਦਸੇ ਵਿੱਚ 6 ਲੋਕਾਂ ਤੋਂ ਵੱਧ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਦੇ ਨਾਲ ਹੀ ਦਰਜਨ ਤੋਂ ਵੱਧ ਜ਼ਖ਼ਮੀ ਦੱਸੇ ਜਾ ਰਹੇ ਹਨ। ਹਾਦਸੇ ਵਿੱਚ ਏਸੀ ਕੋਚ ਤਾਂ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ।


ਜਾਣਕਾਰੀ ਮੁਤਾਬਕ ਸਵੇਰੇ 3:58 ਵਜੇ ਘਟਨਾ ਵਾਪਰੀ। ਰੇਲਵੇ ਦੇ ਜੀਐਮ ਮੌਕੇ ’ਤੇ ਪਹੁੰਚੇ ਹੋਏ ਹਨ। ਪਟਰੀ ਦਾ ਮੁਆਇਨਾ ਕੀਤਾ ਜਾ ਰਿਹਾ ਹੈ। ਜਿਸ ਜਗ੍ਹਾ ਪਟਰੀ ਬਦਲਦੀ ਹੈ, ਉਸੀ ਥਾਂ ਇਹ ਹਾਦਸਾ ਵਾਪਰਿਆ। ਰੇਲਵੇ ਦੇ ਹੋਰ ਆਹਲਾ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਹਨ। NDRF ਦੀ ਟੀਮ ਵੀ ਮੌਕੇ ’ਤੇ ਪਹੁੰਚੀ ਹੋਈ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਘਟਨਾ ’ਤੇ ਦੁੱਖ ਜਤਾਉਂਦਿਆਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ।

ਰੇਲਵੇ ਨੇ ਹਾਦਸੇ ਬਾਅਦ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। ਸੋਨਪੂ ਸਟੇਸ਼ਨ ਲਈ ਹੈਲਪਲਾਈਨ ਨੰਬਰ 06158221645, ਹਾਜੀਰਪੁਰ ਲਈ 06224272230 ਅਤੇ ਬਰੋਨੀ ਲਈ 0627923222 ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਰੇਲਵੇ ਮੰਤਰੀ ਪੀਊਸ਼ ਗੋਇਲ ਨੇ ਵੀ ਘਟਨਾ ਸਬੰਧੀ ਟਵੀਟ ਕੀਤਾ ਹੈ। ਘਟਨਾ ਬਾਅਦ ਤਿੰਨ ਰੇਲਾਂ ਰੱਦ ਕੀਤੀਆਂ ਗਈਆਂ ਹਨ ਤੇ ਤਿੰਨਾਂ ਦਾ ਰੂਟ ਬਦਲ ਦਿੱਤਾ ਗਿਆ ਹੈ।