ਨਵੀਂ ਦਿੱਲੀ: ਦਿੱਲੀ ਦੀ ਹਵਾ ਦੀ ਗੁਣਵੱਤਾ ਲਗਾਤਾਰ ਖ਼ਰਾਬ ਹੋ ਰਹੀ ਹੈ। ਦੀਵਾਲੀ ਦੀ ਰਾਤ ਤੋਂ ਪਹਿਲਾਂ ਹੀ ਦਿੱਲੀ ਵਿੱਚ ਸਾਹ ਲੈਣਾ ਔਖਾ ਹੋ ਰਿਹਾ ਹੈ। ਪ੍ਰਸ਼ਾਸਨ ਨੂੰ ਅੱਜ ਰਾਤ ਦੀਵਾਲੀ ਮੌਕੇ ਪ੍ਰਦੂਸ਼ਣ ਦੇ ਸਿਖਰ ’ਤੇ ਪੁੱਜਣ ਦਾ ਖਦਸ਼ਾ ਹੈ। ਦਿੱਲੀ ਵਾਸੀਆਂ ਨੂੰ ਸਾਹ ਅਤੇ ਅੱਖਾਂ ਦੀ ਤਕਲੀਫ ਨਾਲ ਜੂਝਣਾ ਪੈ ਸਕਦਾ ਹੈ। ਇਲ ਲਈ ਸ਼ਹਿਰ ਵਿੱਚ ਸਿਹਤ ਐਮਰਜੈਂਸੀ ਲਾ ਦਿੱਤੀ ਗਈ ਹੈ। ਸ਼ਹਿਰ ਦੇ 25 ਇਲਾਕਿਆਂ ਵਿੱਚ ਕੱਲ੍ਹ ਹਵਾ ਦੀ ਗੁਣਵੱਤਾ ਕਾਫੀ ਖਰਾਬ ਦਰਜ ਕੀਤੀ ਗਈ।

ਦਿੱਲੀ ਦੇ ਪ੍ਰਦੂਸ਼ਣ ਦੀ ਵੱਡੀ ਵਜ੍ਹਾ ਗੁਆਂਢੀ ਸੂਬਿਆਂ ਵਿੱਚ ਝੋਨੇ ਦੀ ਪਰਾਲੀ ਸਾੜੇ ਜਾਣ ਨੂੰ ਮੰਨਿਆ ਜਾ ਰਿਹਾ ਹੈ। ਪ੍ਰਦੂਸ਼ਣ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਸੀਪੀਸੀਬੀ ਨੇ 8 ਤੋਂ 10 ਨਵੰਬਰ ਤਕ ਸ਼ਹਿਰ ਵਿੱਚ ਟਰੱਕਾਂ ਦੇ ਚੱਲਣ ’ਤੇ ਪਾਬੰਧੀ ਲਾਉਣ ਦੀ ਸਿਫਾਰਿਸ਼ ਕੀਤੀ ਹੈ। ਵਧਦੇ ਪ੍ਰਦੂਸ਼ਣ ਨੂੰ ਵੇਖਦਿਆਂ ਦਿੱਲੀ ਦੇ ਪ੍ਰਦੂਸ਼ਣ ਮੰਤਰੀ ਇਮਰਾਨ ਹੁਸੈਨ ਨੇ ਲੋਕਾਂ ਨੂੰ ਅੱਜ ਪਟਾਕੇ ਮੁਕਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਹੈ। ਵਾਤਾਵਰਨ ਮੰਤਰਾਲੇ ਦੇ ਬਾਹਰ ਲੋਕਾਂ ਨੇ ਪ੍ਰਦੂਸ਼ਣ ਦੇ ਖਤਰਨਾਕ ਪੱਧਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕੇਂਦਰੀ ਵਾਤਾਵਰਨ ਮੰਤਰਾਲਾ ਤੇ ਦਿੱਲੀ ਸਰਕਾਰ ਦੇ ਸੀਨੀਅਰ ਅਫ਼ਸਰਾਂ ਨੂੰ ‘ਸਾਹ ਲੈਣ ਦੇ ਅਧਿਕਾਰ’ ਦਾ ਪੱਤਰ ਸੌਂਪਿਆ।

ਸੀਪੀਸੀਬੀ ਨੇ ਕਿਹਾ ਹੈ ਕਿ ਦਿੱਲੀ ਵਿੱਚ ਖਤਰਨਾਕ ਪ੍ਰਦੂਸ਼ਣ ਨਾਲ ਨਜਿੱਠਣ ਲਈ ਦੀਵਾਲੀ ਦੇ ਬਾਅਦ ਗ਼ੈਰ ਕੁਦਰਤੀ ਬਾਰਸ਼ ਕਰਾਉਣ ’ਤੇ ਵਿਚਾਰ ਕੀਤੀ ਜਾ ਰਹੀ ਹੈ। ਅਫ਼ਸਰਾਂ ਨੇ ਕਿਹਾ ਕਿ ਉਹ ਮੌਸਮੀ ਸਥਿਤੀਆਂ ਦੇ ਸਥਿਰ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਮੌਸਮ ਸਾਫ ਹੋਣ ਤੋਂ ਬਾਅਦ ਗੈਰ ਕੁਦਰਤੀ ਬਾਰਸ਼ ਲਈ ‘ਕਲਾਊਡ ਸੀਡਿੰਗ’ ਕੀਤੀ ਜਾਏਗੀ। ਜ਼ਿਕਰਯੋਗ ਹੈ ਕਿ ਦਿੱਲੀ ਦੀ ਹਵਾ ਦੀ ਗੁਣਵੱਤਾ ਪਿਛਲੇ ਤਿੰਨ ਹਫਤਿਆਂ ਤੋਂ ਬੇਹੱਦ ਖਰਾਬ ਹੋ ਗਈ ਹੈ। ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ। ਹਾਲਾਤ ਏਨੇ ਮਾੜੇ ਹਨ ਕਿ ਲੋਕਾਂ ਨੂੰ ਘਰਾਂ ਅੰਦਰ ਰਹਿਣ ਤੇ ਸੜਕਾਂ ’ਤੇ ਨਿਕਲਣ ਲੱਗੇ ਮਾਸਕ ਪਾਉਣ ਦੀ ਹਦਾਇਤ ਕੀਤੀ ਜਾ ਰਹੀ ਹੈ।