ਚੰਡੀਗੜ੍ਹ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ ਨੂੰ ਦੋ ਅਰਬ ਡਾਲਰ ਦੇ ਪੀਐਨਬੀ ਘਪਲੇ ਦੇ ਮਾਮਲੇ ’ਚ ਫਰਾਰ ਹੀਰਾ ਕਾਰੋਬਾਰੀ ਨੀਰਵ ਮੋਦੀ ਦੀਆਂ ਦੁਬਈ ਵਿੱਚ 56 ਕਰੋੜ ਰੁਪਏ ਤੋਂ ਵੱਧ ਦੀਆਂ 11 ਜਾਇਦਾਦਾਂ ਜ਼ਬਤ ਕਰ ਲਈਆਂ ਹਨ। ਕੇਂਦਰੀ ਜਾਂਚ ਏਜੰਸੀ ਨੇ ਕਿਹਾ ਕਿ ਕੁਰਕ ਕੀਤੀ ਜਾਇਦਾਦ ਨੀਰਵ ਮੋਦੀ ਤੇ ਇਸਦੇ ਸਮੂਹ ਦੀ ਕੰਪਨੀ ਮੇਸਰਸ ਫਾਇਰਸਟਾਰ ਡਾਇਮੰਡ ਐਫਜੈਡਈ ਦੀ ਸੀ। ਇਸ ਦੀ ਬਾਜ਼ਾਰੀ ਕੀਮਤ 77.9 ਲੱਖ ਡਾਲਰ, ਯਾਨੀ 56.8 ਕਰੋੜ ਰੁਪਏ ਹੈ।

ਈਡੀ ਨੇ ਪੀਐਮੈਲਏ ਦੇ ਤਹਿਤ ਇਨ੍ਹਾਂ ਜਾਇਦਾਦਾਂ ਨੂੰ ਕੁਰਕ ਕਰਨ ਦਾ ਹੁਕਮ ਜਾਰੀ ਕੀਤਾ ਹੈ। ਪਿਛਲੇ ਮਹੀਨੇ ਏਜੰਸੀ ਨੇ ਮੋਦੀ ਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਦੀ 637 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਸੀ। ਇਨ੍ਹਾਂ ਵਿੱਚ ਨਿਊਯਾਰਕ ਦੇ ਸੈਂਟਰਲ ਪਾਰਕ ਸਥਿਤ ਉਨ੍ਹਾਂ ਦੇ ਦੋ ਅਪਾਰਟਮੈਂਟ ਵੀ ਸ਼ਾਮਲ ਸਨ।

ਏਜੰਸੀ ਨੇ ਦੱਸਿਆ ਕਿ ਦੁਬਈ ਦੇ ਆਪਣੇ ਸਮਰਥਕਾਂ ਨਾਲ ਤਾਲਮੇਲ ਕਰਕੇ ਇਨ੍ਹਾਂ ਜਾਇਦਾਦਾਂ ਦੀ ਕੁਰਕੀ ਲਈ ਕਾਨੂੰਨੀ ਕਾਰਵਾਈ ਪੂਰੀ ਕਰਨ ਲਈ ਈਡੀ ਨੂੰ ਜਲਦੀ ਹੀ ਮੁੰਬਈ ਦੀ ਅਦਾਲਤ ਤੋਂ ਬੇਨਤੀ ਪੱਤਰ ਮਿਲਣਗੇ। ਉਨ੍ਹਾਂ ਦੱਸਿਆ ਕਿ ਬੇਨਤੀ ਪੱਤਰ ਜਾਰੀ ਹੋਣ ਬਾਅਦ ਭਾਰਤ ਕਿਸੇ ਮੁਲਜ਼ਮ ਦੀ ਵਿਦੇਸ਼ੀ ਜਾਇਦਾਦ ਨੂੰ ਕੁਰਕ ਕਰ ਸਕਦਾ ਹੈ।

ਨੀਰਵ ਮੋਦੀ ਇਸ ਸਾਲ ਦੀ ਸ਼ੁਰੂਆਤ ਵਿੱਚ ਦੇਸ਼ ਦਾ ਸਭ ਤੋਂ ਵੱਡੀ ਬੈਂਕ ਧੋਖਾਧੜੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਫਰਾਰ ਹੈ। ਇੰਟਰਪੋਲ ਨੇ ਉਸ ਦੀ ਗ੍ਰਿਫ਼ਤਾਰੀ ਲਈ ਹਾਲ ਹੀ ’ਚ ਵਾਰੰਟ ਜਾਰੀ ਕੀਤਾ ਸੀ। ਭਾਰਤ ਬ੍ਰਿਟੇਨ ਤੋਂ ਉਸਦੀ ਹਵਾਲਗੀ ਦੇ ਯਤਨ ਕਰ ਰਿਹਾ ਹੈ। ਉਸ ਨੂੰ ਇੱਥੇ ਹੀ ਆਖਰੀ ਵਾਰ ਵੇਖਿਆ ਗਿਆ ਸੀ।