ਨਵੀਂ ਦਿੱਲੀ: ਭਾਰਤ ਦੀ ਰਾਜਧਾਨੀ ਦਿੱਲੀ ਦਾ ਵਾਤਾਵਰਣ ਪਿਛਲੇ ਕੁਝ ਦਿਨਾਂ ਤੋਂ ਗੰਧਲਾ ਹੁੰਦਾ ਜਾ ਰਿਹਾ ਹੈ। ਅੱਜ ਦਿੱਲੀ ਨੂੰ ਸਵੇਰੇ-ਸਵੇਰੇ ਧੁੰਦ ਤੇ ਧੂੰਏਂ ਦੇ ਸੁਮੇਲ ‘ਸਮੌਗ’ ਨੇ ਘੇਰਿਆ ਹੋਇਆ ਸੀ। ਸੈਰ ’ਤੇ ਜਾਣ ਵਾਲਿਆਂ ਨੂੰ ਸਾਹ ਲੈਣ ਵਿੱਚ ਔਖ ਮਹਿਸੂਸ ਹੋਈ ਤੇ ਕੁਝ ਘਰਾਂ ਤੋਂ ਬਾਹਰ ਹੀ ਨਹੀਂ ਨਿਕਲੇ।
ਦਿੱਲੀ ਹਵਾ ਦਾ ਸੂਚਕ ਅੰਕ ‘ਬਹੁਤ ਖ਼ਰਾਬ’ ਸ਼੍ਰੇਣੀ ਦੇ ਵੀ ਉੱਚੇ ਪੱਧਰ ਉੱਤੇ ਪੁੱਜ ਗਿਆ ਹੈ। ਅੱਜ ਸ਼ੁੱਕਰਵਾਰ ਸਵੇਰੇ 8 ਵਜੇ ਇਹ 365 ਦਰਜ ਕੀਤਾ ਗਿਆ। ਹਵਾ ਹੁਣ ਕੁਝ ਮੱਠੀ ਪੈ ਗਈ ਹੈ, ਜਿਸ ਕਾਰਨ ਹਾਲੇ ਦੋ ਦਿਨ ਹੋਰ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ। ਹਵਾ ਦਾ ਗੰਧਲਾਪਣ ਹੋਰ ਵੀ ਵਧ ਸਕਦਾ ਹੈ। ਦਿੱਲੀ ਦੇ ਕੁਝ ਇਲਾਕਿਆਂ ਵਿੱਚ ਸੂਚਕ ਅੰਕ 400 ਦਾ ਅੰਕੜਾ ਪਾਰ ਕਰ ਕੇ ‘ਗੰਭੀਰ ਸ਼੍ਰੇਣੀ’ ਵਿੱਚ ਚਲਾ ਗਿਆ ਹੈ। ਰਾਸ਼ਟਰੀ ਰਾਜਧਾਨੀ ਖੇਤਰ ਦੇ ਲਗਭਗ ਸਾਰੇ ਸ਼ਹਿਰਾਂ ਦੀ ਇਹੋ ਹਾਲਤ ਹੈ।
ਪੰਜਾਬ 'ਚ ਖੇਤੀ ਬਿੱਲ ਪਾਸ ਕਰਨ ਮਗਰੋਂ ਕਾਂਗਰਸ ਦਾ ਵੱਡਾ ਐਲਾਨ
ਮਾਹਿਰਾਂ ਅਨੁਸਾਰ ਹਵਾ ’ਚ ਵਧਦੇ ਪ੍ਰਦੂਸ਼ਣ ਕਾਰਣ ਰਾਸ਼ਟਰੀ ਰਾਜਧਾਨੀ ਖੇਤਰ ਦੀ ਹਵਾ ਲਗਾਤਾਰ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਦਿੱਲੀ ਪ੍ਰਦੂਸ਼ਣ ਰੋਕਥਾਮ ਕਮੇਟੀ ਦੇ ਅੰਕੜਿਆਂ ਮੁਤਾਬਕ ਦਿੱਲੀ ਦੇ ਆਨੰਦ ਵਿਹਾਰ ਵਿੱਚ ਹਵਾ ਦੇ ਮਿਆਰ ਦਾ ਪੱਧਰ 387, ਆਰਕੇ ਪੁਰਮ ਵਿੱਚ 333, ਰੋਹਿਣੀ ਵਿੱਚ 391 ਤੇ ਪੱਛਮੀ ਦਿੱਲੀ ਵਿੱਚ ਇਹ 390 ਉੱਤੇ ਜਾ ਪੁੱਜਾ ਹੈ। ਦਿੱਲੀ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਹਵਾ ਦਾ ਪ੍ਰਦੂਸ਼ਣ ਬਹੁਤ ਖ਼ਰਾਬ ਸ਼੍ਰੇਣੀ ਵਿੱਚ ਚੱਲ ਰਿਹਾ ਹੈ।
ਸਿੱਧੂ ‘ਕਾਂਗਰਸ ਦਾ ਰਾਫ਼ੇਲ’ ਕਰਾਰ, ਹਾਈਕਮਾਨ ਵੱਲੋਂ ਅਗਲੀਆਂ ਚੋਣਾਂ 'ਚ ਅਜ਼ਮਾਉਣ ਦੀ ਤਿਆਰੀ
ਹਵਾ ਦੇ ਮਿਆਰ ਤੇ ਮੌਸਮ ਦੀ ਭਵਿੱਖਬਾਣੀ ਬਾਰੇ ਖੋਜ ਕਰਨੀ ਸੰਸਥਾ ‘ਸਫ਼ਰ ਇੰਡੀਆ’ ਅਨੁਸਾਰ ਗੁਆਂਢੀ ਰਾਜਾਂ ਵਿੱਚ ਪਰਾਲ਼ੀ ਸਾੜੇ ਜਾਣ ਨਾਲ ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ ਹਾਲੇ ਹੋਰ ਵਧ ਸਕਦਾ ਹੈ। ਅੱਜ ਸ਼ੁੱਕਰਵਾਰ ਨੂੰ ਹਵਾ ਹੋਰ ਵੀ ਖ਼ਰਾਬ ਹੋ ਸਕਦੀ ਹੈ। ਅੱਜ ਨੌਇਡਾ, ਗ਼ਾਜ਼ੀਆਬਾਦ ਤੇ ਨੌਇਡਾ ਵਿੱਚ ਹਵਾ ਬਹੁਤ ਖ਼ਰਾਬ ਸ਼੍ਰੇਣੀ ਵਿੱਚ ਪੁੱਜ ਗਈ। ਦਿੱਲੀ ’ਚ ਕੱਲ੍ਹ ਵੀਰਵਾਰ ਨੂੰ ਹਵਾ ਦੇ ਮਿਆਰ ਦਾ ਸੂਚਕ ਅੰਕ 296 ਦਰਜ ਕੀਤਾ ਗਿਆ ਸੀ, ਬੁੱਧਵਾਰ ਨੂੰ ਇਹ 256 ਸੀ। ਵੀਰਵਾਰ ਨੂੰ ਸ਼ਾਮੀਂ ਇਹ 307 ਦਰਜ ਕੀਤਾ ਗਿਆ ਸੀ।
ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਹਵਾ ਦਾ ਪ੍ਰਦੂਸ਼ਣ ਹੋਰ ਵੀ ਖ਼ਤਰਨਾਕ ਹੋ ਜਾਵੇਗਾ ਕਿਉਂਕਿ ਹਵਾ ਦੀ ਰਫ਼ਤਾਰ ਮੱਠੀ ਹੋਵੇਗੀ ਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ