Delhi cab, auto drivers threaten strike Due to CNG price hike and demand fare revision


ਨਵੀਂ ਦਿੱਲੀ: ਦਿੱਲੀ ਵਿੱਚ ਆਟੋ, ਕੈਬ ਤੇ ਟੈਕਸੀ ਡਰਾਈਵਰਾਂ ਨੇ ਸੀਐਨਜੀ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ 18 ਅਪਰੈਲ ਤੋਂ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਦੀ ਚੇਤਾਵਨੀ ਦਿੱਤੀ ਹੈ। ਇਨ੍ਹਾਂ ਡਰਾਈਵਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਸੀਐਨਜੀ ਦੀਆਂ ਕੀਮਤਾਂ ਨਹੀਂ ਘਟਾ ਰਹੀ ਤਾਂ ਕਿਰਾਇਆ ਸੋਧਿਆ ਜਾਵੇ। ਜੇਕਰ ਸਰਕਾਰ ਨੇ ਤੇਲ 'ਤੇ ਸਬਸਿਡੀ ਨਾ ਦਿੱਤੀ ਜਾਂ ਕਿਰਾਏ ਨਾ ਵਧਾਏ ਤਾਂ ਸਾਰੇ ਡਰਾਈਵਰ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਚਲੇ ਜਾਣਗੇ।


ਆਟੋ, ਕੈਬ ਤੇ ਟੈਕਸੀ ਡਰਾਈਵਰਾਂ ਦੀ ਯੂਨੀਅਨ ਨੇ ਕਿਹਾ ਹੈ ਕਿ ਕੇਂਦਰ ਤੇ ਸ਼ਹਿਰੀ ਸਰਕਾਰ ਵੱਲੋਂ ਸੀਐਨਜੀ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਖ਼ਿਲਾਫ਼ 11 ਅਪਰੈਲ ਨੂੰ ਜੰਤਰ-ਮੰਤਰ ’ਤੇ ਧਰਨਾ ਦਿੱਤਾ ਜਾਵੇਗਾ। ਸਰਵੋਦਿਆ ਡਰਾਈਵਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਰਵੀ ਰਾਠੌਰ ਨੇ ਕਿਹਾ ਕਿ ਦਿੱਲੀ-ਐਨਸੀਆਰ ਵਿੱਚ ਲਗਪਗ ਚਾਰ ਲੱਖ ਡਰਾਈਵਰ ਉਨ੍ਹਾਂ ਦੀ ਐਸੋਸੀਏਸ਼ਨ ਦੇ ਨਾਲ ਹਨ। ਜੇਕਰ ਸੀਐਨਜੀ ਦੀਆਂ ਕੀਮਤਾਂ ਘਟਾਉਣ ਜਾਂ ਕਿਰਾਏ ਵਧਾਉਣ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਉਨ੍ਹਾਂ ਦੀ ਐਸੋਸੀਏਸ਼ਨ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਵੇਗੀ।


ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸੀਐਨਜੀ ਦਰਾਂ ਵਿੱਚ ਕਟੌਤੀ ਦੀ ਮੰਗ ਕਰ ਰਹੇ ਹਾਂ ਤੇ ਜੇਕਰ ਕੀਮਤਾਂ ਨਹੀਂ ਘਟਾਈਆਂ ਜਾ ਸਕਦੀਆਂ ਤਾਂ ਕੀਮਤਾਂ ਵਿੱਚ ਵਾਧੇ ਨਾਲ ਨਜਿੱਠਣ ਲਈ ਕਿਰਾਏ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਰਾਠੌਰ ਨੇ ਕਿਹਾ ਕਿ ਪਿਛਲੇ 7-8 ਸਾਲਾਂ ਤੋਂ ਓਲਾ ਤੇ ਉਬੇਰ ਦੇ ਕਿਰਾਏ ਵਿੱਚ ਕੋਈ ਸੋਧ ਨਹੀਂ ਕੀਤੀ ਗਈ।


ਦੂਜੇ ਪਾਸੇ ਦਿੱਲੀ ਆਟੋ ਰਿਕਸ਼ਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜਿੰਦਰ ਸੋਨੀ ਨੇ ਕਿਹਾ ਕਿ ਉਹ ਸੀਐਨਜੀ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਹੁਤ ਪਰੇਸ਼ਾਨ ਹਨ ਤੇ ਟੈਕਸੀ, ਕੈਬ ਅਤੇ ਆਟੋ ਚਾਲਕਾਂ ਲਈ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਹੈ। ਪੀਟੀਆਈ ਨਾਲ ਗੱਲਬਾਤ ਕਰਦਿਆਂ ਸੋਨੀ ਨੇ ਕਿਹਾ ਕਿ ਇਸ ਸਮੇਂ ਰਾਜਧਾਨੀ ਦਿੱਲੀ ਵਿੱਚ ਲਗਪਗ 100,000 ਆਟੋ ਰਿਕਸ਼ਾ ਚੱਲ ਰਹੇ ਹਨ। ਉਨ੍ਹਾਂ ਦੀ ਐਸੋਸੀਏਸ਼ਨ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ CNG 'ਤੇ 35 ਰੁਪਏ ਪ੍ਰਤੀ ਕਿਲੋ ਸਬਸਿਡੀ ਦੇਣ ਦੀ ਮੰਗ ਕੀਤੀ ਹੈ। ਜੇਕਰ ਸਾਡੀ ਮੰਗ ਨਾ ਮੰਨੀ ਗਈ ਤਾਂ ਅਸੀਂ 18 ਅਪ੍ਰੈਲ ਤੋਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਚਲੇ ਜਾਵਾਂਗੇ।


ਇਹ ਵੀ ਪੜ੍ਹੋ: ਸੂਬੇ 'ਚ 23 ਕਤਲ ਹੋ ਗਏ ਪਰ ਮੁੱਖ ਮੰਤਰੀ ਭਗਵੰਤ ਮਾਨ ਹਿਮਾਚਲ ਦੀਆਂ ਠੰਢੀਆਂ ਹਵਾਵਾਂ 'ਚੋਂ ਬਾਹਰ ਨਹੀਂ ਨਿਕਲ ਰਹੇ: ਨਵਜੋਤ ਸਿੱਧੂ