ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਕੈਬ ਡ੍ਰਾਈਵਰਾਂ ‘ਚ ਇਸ ਗੱਲ ਦੀ ਅਫ਼ਵਾਹ ਹੈ ਕਿ ਚਲਾਨ ਤੋਂ ਬਚਣ ਲਈ ਉਨ੍ਹਾਂ ਨੂੰ ਕੰਡੋਮ ਬਾਕਸ ਰੱਖਣਾ ਜ਼ਰੂਰੀ ਹੈ। ਜਦਕਿ ਨਵੇਂ ਟ੍ਰੈਫਿਕ ਨਿਯਮਾਂ ‘ਚ ਅਜਿਹੇ ਕਿਸੇ ਨਿਯਮ ਦਾ ਜ਼ਿਕਰ ਨਹੀਂ। ਇਸ ਗੱਲ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਇੱਕ ਊਬਰ ਕੈਬ ਡ੍ਰਾਈਵਰ ਧਰਮਿੰਦਰ ਨੈਲਸਨ ਮੰਡੇਲਾ ਮਾਰਗ ਤੋਂ ਜੇਐਨਯੂ ਵੱਲ ਜਾ ਰਿਹਾ ਸੀ ਤੇ ਟ੍ਰੈਫਿਕ ਪੁਆਇੰਟ ‘ਤੇ ਉਸ ਨੂੰ ਟ੍ਰੈਫਿਕ ਪੁਲਿਸ ਨੇ ਚੈਕਿੰਗ ਲਈ ਰੋਕਿਆ।

ਦਿੱਲੀ ‘ਚ ਕਾਰ ਚਲਾਉਣ ਵਾਲੇ ਡ੍ਰਾਈਵਰ ਆਪਣੀਆਂ ਗੱਡੀਆਂ ‘ਚ ਫਸਟ ਏਡ ਬਾਕਸ ਰੱਖਦੇ ਹਨ ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੀ ਕੈਬ ‘ਚ ਕੰਡੋਮ ਰੱਖਣਾ ਵੀ ਬੇਹੱਦ ਜ਼ਰੂਰੀ ਲੱਗਦਾ ਹੈ ਨਹੀਂ ਤਾਂ ਉਨ੍ਹਾਂ ਦਾ ਚਲਾਨ ਹੋ ਜਾਂਦਾ ਹੈ। ਧਰਮਿੰਦਰ ਨੇ ਦੱਸਿਆ ਕਿ ਉਸ ਨੇ ਸੀਟ ਬੈਲਟ ਲਾਈ ਹੋਈ ਸੀ, ਗੱਡੀ ਦੀ ਸਪੀਡ ਵੀ 50 ਕਿਮੀ ਪ੍ਰਤੀ ਘੰਟਾ ਸੀ। ਇਸ ਤੋਂ ਇਲਾਵਾ ਉਸ ਨੇ ਆਪਣੀ ਵਰਦੀ ਪੂਰੀ ਬਲੂ ਕਲਰ ਦੀ ਯੂਨੀਫਾਰਮ ਵੀ ਪਾਈ ਸੀ। ਨਾਲ ਹੀ ਫਸਟ ਏਡ ਬਾਕਸ ‘ਚ ਕੰਡੋਮ ਵੀ ਰੱਖਿਆ ਸੀ।


ਧਰਮਿੰਦਰ ਮੁਤਾਬਕ ਇੱਕ ਵਾਰ ਕੰਡੋਮ ਨਾ ਰੱਖਣ ਕਰਕੇ ਉਸ ਦਾ ਚਲਾਨ ਹੋ ਚੁੱਕਿਆ ਹੈ। ਜਿਸ ਤੋਂ ਬਾਅਦ ਉਹ ਕਾਫੀ ਚੌਕੰਨਾ ਹੋ ਗਿਆ ਹੈ। ਉਸ ਨੂੰ ਮਿਲੀ ਚਲਾਨ ਦੀ ਰਸੀਦ ‘ਤੇ ਜ਼ੁਰਮਾਨੇ ਦਾ ਕਾਰਨ ਓਵਰਸਪੀਡ ਲਿਖਿਆ ਗਿਆ ਹੈ। ਇਸ ਘਟਨਾ ਤੋਂ ਬਾਅਦ ਦਿੱਲੀ-ਐਨਸੀਆਰ ਦੇ ਹਜ਼ਾਰਾਂ ਕੈਬ ਡ੍ਰਾਈਵਰਾਂ ਨੂੰ ਯਕੀਨ ਹੋ ਗਿਆ ਕਿ ਗੱਡੀ ‘ਚ ਕੰਡੋਮ ਰੱਖਣਾ ਵੀ ਜ਼ਰੂਰੀ ਹੈ, ਨਹੀ ਤਾਂ ਉਨ੍ਹਾਂ ਦਾ ਚਲਾਨ ਵੀ ਹੋ ਸਕਦਾ ਹੈ ਜਦਕਿ ਅਜਿਹਾ ਕੁਝ ਵੀ ਨਹੀਂ ਹੈ।