CBI Raid at Sisodia's House : ਸੀਬੀਆਈ ਦੀ ਟੀਮ 14 ਘੰਟਿਆਂ ਤੋਂ ਬਾਅਦ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਤੋਂ ਬਾਹਰ ਨਿਕਲੀ। ਛਾਪੇਮਾਰੀ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਕਿਹਾ, "ਸੀਬੀਆਈ ਦੀ ਟੀਮ ਅੱਜ ਸਵੇਰੇ ਆਈ ਸੀ। ਉਨ੍ਹਾਂ ਨੇ ਮੇਰੇ ਘਰ ਦੀ ਤਲਾਸ਼ੀ ਲਈ ਅਤੇ ਮੇਰਾ ਕੰਪਿਊਟਰ ਅਤੇ ਫ਼ੋਨ ਜ਼ਬਤ ਕਰ ਲਿਆ। ਮੇਰੇ ਪਰਿਵਾਰ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਅੱਗੇ ਵੀ ਸਹਿਯੋਗ ਕਰਦੇ ਰਹਿਣਗੇ। ਇੱਥੇ ਕੋਈ ਭ੍ਰਿਸ਼ਟਾਚਾਰ ਜਾਂ ਗਲਤ ਕੰਮ ਨਹੀਂ ਹੋਇਆ ਹੈ, ਅਸੀਂ ਚਿੰਤਤ ਨਹੀਂ ਹਾਂ। ਪਤਾ ਹੈ ਕਿ ਸੀਬੀਆਈ ਦੀ ਦੁਰਵਰਤੋਂ ਹੋ ਰਹੀ ਹੈ।
ਸੀਬੀਆਈ ਦੀ ਟੀਮ ਆਬਕਾਰੀ ਨੀਤੀ ਵਿੱਚ ਕਥਿਤ ਘਪਲੇ ਦੇ ਸਬੰਧ ਵਿੱਚ ਛਾਪੇਮਾਰੀ ਕਰਨ ਲਈ ਸਵੇਰੇ 8 ਵਜੇ ਮਨੀਸ਼ ਸਿਸੋਦੀਆ ਦੇ ਦਿੱਲੀ ਸਥਿਤ ਘਰ ਪਹੁੰਚੀ ਸੀ। ਸੀਬੀਆਈ ਨੇ ਇਸ ਮਾਮਲੇ ਨੂੰ ਲੈ ਕੇ ਮਨੀਸ਼ ਸਿਸੋਦੀਆ ਦੇ ਘਰ ਤੋਂ ਇਲਾਵਾ ਸੱਤ ਰਾਜਾਂ 'ਚ ਕਰੀਬ 31 ਥਾਵਾਂ 'ਤੇ ਛਾਪੇਮਾਰੀ ਵੀ ਕੀਤੀ ਹੈ। ਛਾਪੇਮਾਰੀ ਬਾਰੇ ਸੀਬੀਆਈ ਨੇ ਕਿਹਾ ਕਿ ਉਸ ਨੇ ਦਿੱਲੀ, ਗੁਰੂਗ੍ਰਾਮ, ਚੰਡੀਗੜ੍ਹ, ਮੁੰਬਈ, ਹੈਦਰਾਬਾਦ, ਲਖਨਊ, ਬੈਂਗਲੁਰੂ ਸਮੇਤ 31 ਥਾਵਾਂ ਦੀ ਤਲਾਸ਼ੀ ਲਈ ਹੈ। ਇਸ ਦੌਰਾਨ ਇਤਰਾਜ਼ਯੋਗ ਦਸਤਾਵੇਜ਼, ਡਿਜੀਟਲ ਰਿਕਾਰਡ ਆਦਿ ਬਰਾਮਦ ਹੋਏ ਹਨ।
ਮਨੀਸ਼ ਸਿਸੋਦੀਆ ਸਮੇਤ ਕਈ ਲੋਕਾਂ ਖਿਲਾਫ ਐੱਫ.ਆਈ.ਆਰ ਦਰਜ
ਸੀਬੀਆਈ ਨੇ ਇਸ ਮਾਮਲੇ ਨੂੰ ਲੈ ਕੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ 15 ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਇਨ੍ਹਾਂ ਤੋਂ ਇਲਾਵਾ ਕਈ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੀਬੀਆਈ ਦੀ ਇਸ ਕਾਰਵਾਈ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ 'ਤੇ ਸਿਆਸੀ ਸਾਜ਼ਿਸ਼ ਦਾ ਦੋਸ਼ ਲਗਾਇਆ ਹੈ। ਸਵੇਰੇ ਸੀਬੀਆਈ ਟੀਮ ਦੇ ਘਰ ਪਹੁੰਚਣ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ ਕਿ , "ਸੀਬੀਆਈ ਦੀ ਟੀਮ ਘਰ ਆਈ ਹੈ। ਸੀਬੀਆਈ ਨੂੰ ਉੱਪਰੋਂ ਕੰਟਰੋਲ ਕੀਤਾ ਜਾ ਰਿਹਾ ਹੈ। ਅਸੀਂ ਕੁਝ ਗਲਤ ਨਹੀਂ ਕੀਤਾ ਹੈ, ਅਸੀਂ ਡਰਨ ਵਾਲੇ ਨਹੀਂ ਹਾਂ।"
ਦਿੱਲੀ ਦੇ ਮੁੱਖ ਮੰਤਰੀ ਨੇ ਕੇਂਦਰ 'ਤੇ ਸਾਧਿਆ ਨਿਸ਼ਾਨਾ
ਦਿੱਲੀ ਦੇ ਸੀ.ਐਮ ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, "ਉਨ੍ਹਾਂ ਦੇ ਸਹਿਯੋਗੀ ਦੇ ਘਰ 'ਤੇ ਸੀ.ਬੀ.ਆਈ. ਦੀ ਛਾਪੇਮਾਰੀ ਉਨ੍ਹਾਂ ਦੀ ਚੰਗੀ ਕਾਰਗੁਜ਼ਾਰੀ ਦਾ ਨਤੀਜਾ ਸੀ, ਜਿਸ ਦੀ ਵਿਸ਼ਵ ਪੱਧਰ 'ਤੇ ਸ਼ਲਾਘਾ ਹੋ ਰਹੀ ਹੈ। ਪਹਿਲਾਂ ਵੀ ਸੀ.ਬੀ.ਆਈ. ਦੀ ਛਾਪੇਮਾਰੀ ਹੋਈ ਹੈ ਅਤੇ ਇਸ ਵਾਰ ਵੀ ਕੁਝ ਨਹੀਂ ਨਿਕਲੇਗਾ। ਜਿਸ ਦਿਨ ਦਿੱਲੀ ਦੇ ਸਿੱਖਿਆ ਮਾਡਲ ਦੀ ਸ਼ਲਾਘਾ ਹੋਈ ਅਤੇ ਮਨੀਸ਼ ਸਿਸੋਦੀਆ ਦੀ ਤਸਵੀਰ ਅਮਰੀਕਾ ਦੇ ਸਭ ਤੋਂ ਵੱਡੇ ਅਖਬਾਰ ਦੇ ਪਹਿਲੇ ਪੰਨੇ 'ਤੇ ਛਪੀ, ਕੇਂਦਰ ਨੇ ਮਨੀਸ਼ ਦੇ ਘਰ ਸੀ.ਬੀ.ਆਈ. ਭੇਜ ਦਿੱਤੀ। ਦੱਸ ਦੇਈਏ ਕਿ ਪਿਛਲੇ ਮਹੀਨੇ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਆਬਕਾਰੀ ਨੀਤੀ 2021-22 ਨੂੰ ਲਾਗੂ ਕਰਨ ਵਿੱਚ ਕਥਿਤ ਬੇਨਿਯਮੀਆਂ ਦੀ ਸੀਬੀਆਈ ਜਾਂਚ ਦੀ ਸਿਫ਼ਾਰਸ਼ ਕੀਤੀ ਸੀ। ਉਨ੍ਹਾਂ ਨੇ ਇਸ ਮਾਮਲੇ ਵਿੱਚ 11 ਆਬਕਾਰੀ ਅਧਿਕਾਰੀਆਂ ਨੂੰ ਮੁਅੱਤਲ ਵੀ ਕੀਤਾ ਸੀ।