Delhi Covid: ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਸਾਹਮਣੇ ਕੋਰੋਨਾ ਨਾਲ ਹੋਈਆਂ ਮੌਤਾਂ ਲਈ 4-4 ਲੱਖ ਰੁਪਏ ਮੁਆਵਜ਼ਾ ਦੇਣ ਤੋਂ ਅਸਮਰੱਥਾ ਜ਼ਾਹਿਰ ਕਰਨ ਮਗਰੋਂ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਖੁਦ ਹੀ ਯੋਜਨਾ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਸਰਕਾਰ ਨੇ ਉਨ੍ਹਾਂ ਪਰਿਵਾਰਾਂ ਨੂੰ ਵਿੱਤੀ ਮਦਦ ਦੇਣ ਦਾ ਫ਼ੈਸਲਾ ਕੀਤਾ ਹੈ, ਜੋ ਕੋਰੋਨਾ ਵਾਇਰਸ ਕਾਰਨ ਆਪਣਿਆਂ ਨੂੰ ਗੁਆ ਚੁੱਕੇ ਹਨ।
ਦਿੱਲੀ ਸਰਕਾਰ ਦੇ ਸਮਾਜ ਭਲਾਈ ਵਿਭਾਗ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਕੋਵਿਡ-19 ਪਰਿਵਾਰ ਵਿੱਤੀ ਸਹਾਇਤਾ ਯੋਜਨਾ ਨੂੰ ਨੋਟੀਫਾਈ ਕੀਤਾ ਹੈ। ਇਸ ਯੋਜਨਾ ਤਹਿਤ ਪੀੜਤ ਪਰਿਵਾਰ ਨੂੰ 50 ਹਜ਼ਾਰ ਰੁਪਏ ਦੀ ਮਦਦ ਰਾਸ਼ੀ ਦਿੱਤੀ ਜਾਵੇਗੀ, ਜਿਸ ਨੇ ਕੋਰੋਨਾ ਕਾਰਨ ਕਿਸੇ ਪਰਿਵਾਰਕ ਮੈਂਬਰ ਨੂੰ ਗੁਆਇਆ ਹੈ। ਇਸ ਤੋਂ ਇਲਾਵਾ ਜੇ ਮ੍ਰਿਤਕ ਆਪਣੇ ਪਰਿਵਾਰ 'ਚ ਇਕਲੌਤਾ ਕਮਾਊ ਜੀਅ ਸੀ ਤਾਂ ਪਰਿਵਾਰ ਨੂੰ 2500 ਰੁਪਏ ਮਹੀਨਾ ਵਿੱਤੀ ਮਦਦ ਵੀ ਮਿਲੇਗੀ।
ਇਸ ਯੋਜਨਾ ਦਾ ਐਲਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 18 ਮਈ ਨੂੰ ਕੀਤਾ ਸੀ। ਨੋਟੀਫ਼ਿਕੇਸ਼ਨ ਅਨੁਸਾਰ, "ਸਰਕਾਰ ਪ੍ਰਭਾਵਿਤ ਪਰਿਵਾਰ ਦੇ ਇੱਕ ਮੈਂਬਰ ਨੂੰ ਸਿਵਲ ਡਿਫੈਂਸ ਵਾਲੰਟੀਅਰ ਵਜੋਂ ਭਰਤੀ ਕਰਨ 'ਤੇ ਵੀ ਵਿਚਾਰ ਕਰੇਗੀ। ਇਸ ਤੋਂ ਇਲਾਵਾ ਸੂਬਾ ਮੌਜੂਦਾ ਨੀਤੀ ਅਨੁਸਾਰ ਨਿਰਭਰ ਬੱਚਿਆਂ ਦੀ ਸਿਹਤ ਤੇ ਸਿੱਖਿਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ।"
ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਮ੍ਰਿਤਕ ਤੇ ਨਿਰਭਰ ਵਿਅਕਤੀ ਦੋਵੇਂ ਹੀ ਦਿੱਲੀ ਦੇ ਵਸਨੀਕ ਹੋਣੇ ਚਾਹੀਦੇ ਹਨ। ਮੌਤ ਦੀ ਪੁਸ਼ਟੀ ਲਾਜ਼ਮੀ ਤੌਰ 'ਤੇ ਹੋਣੀ ਚਾਹੀਦੀ ਹੈ ਕਿ ਮੌਤ ਕੋਵਿਡ ਤੋਂ ਹੋਈ ਹੈ ਜਾਂ ਮੌਤ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੇ ਇੱਕ ਮਹੀਨੇ ਦੇ ਅੰਦਰ-ਅੰਦਰ ਹੋਈ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਨੇ ਮੌਤ ਨੂੰ ਕੋਵਿਡ ਮੌਤ ਦੱਸਿਆ ਹੈ। ਹਾਲਾਂਕਿ ਮਦਦ ਰਾਸ਼ੀ ਲਈ ਅਰਜ਼ੀ ਦੇਣ ਲਈ ਆਮਦਨੀ ਦੀ ਕੋਈ ਸੀਮਾ ਤੈਅ ਨਹੀਂ ਕੀਤੀ ਗਈ ਹੈ।
ਦਿੱਲੀ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਰਫ਼ਤਾਰ ਕਾਫ਼ੀ ਹੌਲੀ ਪੈ ਗਈ ਹੈ। ਦਿੱਲੀ 'ਚ ਬੀਤੇ ਸਾਲ ਤੋਂ ਹੁਣ ਤਕ ਕੁਲ 14,32,168 ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਹਨ। ਇਨ੍ਹਾਂ 'ਚੋਂ 14,04,889 ਲੋਕ ਠੀਕ ਹੋ ਚੁੱਕੇ ਹਨ, ਜਦਕਿ 24,907 ਲੋਕ ਆਪਣੀ ਜਾਨ ਗੁਆ ਚੁੱਕੇ ਹਨ।