ਨਵੀਂ ਦਿੱਲੀ: ਪੰਜਾਬ ਤੋਂ ਬਾਅਦ ਬੀਜੇਪੀ ਨੂੰ ਦਿੱਲੀ ਵਿੱਚ ਵੱਡਾ ਝਟਕਾ ਲੱਗਾ ਹੈ। ਦਿੱਲੀ ਨਗਰ ਨਿਗਮ ਦੀਆਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਬੀਜੇਪੀ ਨੂੰ ਬੁਰੀ ਤਰ੍ਹਾਂ ਹਰਾ ਕੇ ਸਪਸ਼ਟ ਕਰ ਦਿੱਤਾ ਹੈ ਕਿ ਕੌਮੀ ਰਾਜਧਾਨੀ ਵਿੱਚ ਅਜੇ ਕੇਜਰੀਵਾਲ ਦਾ ਹੀ ਦਬਦਬਾ ਹੈ।



ਦਿੱਲੀ ਨਗਰ ਨਿਗਮ ਦੀਆਂ 5 ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਚੋਣਾਂ 'ਚ ਬੀਜੇਪੀ ਇੱਕ ਵੀ ਸੀਟ ਨਹੀਂ ਜਿੱਤ ਸਕੀ। 'ਆਪ' ਨੇ ਪੰਜ ਵਿੱਚੋਂ 4 ਸੀਟਾਂ 'ਤੇ ਕਬਜ਼ਾ ਕੀਤਾ ਹੈ ਜਦਕਿ ਕਾਂਗਰਸ ਨੇ ਇੱਕ ਸੀਟ 'ਤੇ ਬਾਜ਼ੀ ਮਾਰੀ ਲਈ ਹੈ।

ਇਨ੍ਹਾਂ ਚੋਣਾਂ ਵਿੱਚ ਦਿੱਲੀ ਦੀ ਜਨਤਾ ਨੇ ਕੇਜਰੀਵਾਲ ਸਰਕਾਰ ਦੇ ਕੰਮਾਂ ਉੱਪਰ ਮੋਹਰ ਲਾਉਂਦਿਆਂ ਬੀਜੇਪੀ ਨੂੰ ਖਾਰਜ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਤੇ ਮਹਿੰਗਾਈ ਕਰਕੇ ਦੇਸ਼ ਵਿੱਚ ਬਣੇ ਮਾਹੌਲ ਨੇ ਬੀਜੇਪੀ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ।

ਇਸ ਤੋਂ ਪਹਿਲਾਂ ਪੰਜਾਬ ਅੰਦਰ ਹੋਈਆਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਵਿੱਚ ਵੀ ਬੀਜੇਪੀ ਦਾ ਸਫਾਇਆ ਹੋ ਗਿਆ ਸੀ। ਹਰਿਆਣਾ ਅੰਦਰ ਵਿੱਚ ਸਥਾਨਕ ਬੌਡੀਜ਼ ਦੀਆਂ ਚੋਣਾਂ ਵਿੱਚ ਬੀਜੇਪੀ ਨੂੰ ਝਟਕਾ ਲੱਗਾ ਸੀ। ਹੁਣ ਅਗਲੀਆਂ ਚੋਣਾਂ ਯੂਪੀ ਵਿੱਚ ਪੰਚਾਇਤਾਂ ਦੀਆਂ ਹੋ ਰਹੀਆਂ ਹਨ। ਉੱਤਰ ਪ੍ਰਦੇਸ਼ ਵਿੱਚ ਵੀ ਕਿਸਾਨ ਅੰਦੋਲਨ ਸਿਖਰਾਂ 'ਤੇ ਹੈ। ਇਸ ਲਈ ਬੀਜੇਪੀ ਦਾ ਫਿਕਰ ਵਧ ਗਿਆ ਹੈ।

 
ਦਿੱਲੀ ਚੋਣਾਂ ਦੇ ਨਤੀਜੇ-



ਤ੍ਰਿਲੋਕਪੁਰੀ ਤੋਂ ਵਿਜੇ ਕੁਮਾਰ ਨੇ 4986 ਵੋਟਾਂ ਦੇ ਅੰਤਰ ਨਾਲ ਜਿੱਤ ਦਰਜ ਕੀਤੀ।

ਕਲਿਆਣਪੁਰੀ  ਵਿੱਚ ਆਪ ਦੇ ਧੀਰੇਂਦਰ ਕੁਮਾਰ ਨੇ 7043 ਵੋਟਾਂ ਦੇ ਅੰਤਰ ਵਿੱਚ ਜਿੱਤ ਹਾਸਿਲ ਕੀਤੀ।

ਰੋਹਿਨੀ ਤੋਂ ਆਪ ਦੇ ਉਮੀਦਵਾਰ ਰਾਮ ਚੰਦਰ ਨੇ ਜਿੱਤ ਦਰਜ ਕੀਤੀ।

ਸ਼ਾਲੀਮਾਰ ਬਾਗ ਤੋਂ ਵੀ ਆਪ ਉਮੀਦਵਾਰ ਸੁਨੀਤਾ ਮਿਸ਼ਰਾ ਨੇ ਜਿੱਤ ਹਾਸਿਲ ਕੀਤੀ।

ਜਦੋਂ ਕਿ ਪੂਰਬੀ ਚੌਹਾਨ ਬਾਂਗਰ ਤੋਂ ਕਾਂਗਰਸ ਦੇ ਉਮੀਦਵਾਰ ਚੌਧਰੀ ਜ਼ੁਬੈਰ ਅਹਿਮਦ ਨੇ ਜਿੱਤ ਪ੍ਰਾਪਤ ਕੀਤੀ ਹੈ।