ਨਵੀਂ ਦਿੱਲੀ: ਦੇਸ਼ ਭਰ ਵਿੱਚ ਮੌਬ ਲਿੰਚਿੰਗ ਦਾ ਵਿਵਾਦ ਭਖਿਆ ਹੋਇਆ ਹੈ ਤੇ ਇਸੇ ਦੌਰਾਨ ਦਿੱਲੀ ਵਿੱਚ ਵੀ ਹਜੂਮੀ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਉੱਤਰ-ਪੱਛਮੀ ਦਿੱਲੀ ਦੇ ਆਦਰਸ਼ ਨਗਰ ਦੇ ਲਾਲ ਬਾਗ ਖੇਤਰ ਵਿੱਚ ਭੀੜ ਨੇ ਘਰ ਅੰਦਰ ਵੜੇ ਇੱਕ ਨਾਬਾਲਿਗ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਘਟਨਾ ਸ਼ੁੱਕਰਵਾਰ ਸਵੇਰ ਦੀ ਹੈ। ਪੁਲਿਸ ਨੇ ਗੈਰ ਇਰਾਦਤਨ ਕਤਲ ਦੀ ਧਾਰਾ ਲਾ ਕੇ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਆਦਰਸ਼ ਨਗਰ ਦੇ ਲਾਲ ਬਾਗ ਕਲੱਸਟਰ ਵਿੱਚ ਸ਼ੁੱਕਰਵਾਰ ਸਵੇਰੇ ਕਰੀਬ ਚਾਰ ਵਜੇ ਇੱਕ ਗੁਆਂਢ ਵਿੱਚ ਰਹਿਣ ਵਾਲਾ ਨਾਬਾਲਗ ਸਾਹਿਲ ਘਰ ਵਿੱਚ ਦਾਖਲ ਹੋ ਗਿਆ। ਇਸ ਦੌਰਾਨ ਮੁਕੇਸ਼ ਦੀ ਨੀਂਦ ਖੁੱਲ੍ਹ ਗਈ ਤੇ ਉਸ ਨੇ ਸਾਹਿਲ ਨੂੰ ਵੇਖਿਆ। ਉਸ ਨੇ ਸੋਚਿਆ ਕਿ ਸਾਹਿਲ ਚੋਰੀ ਕਰਨ ਦੀ ਨੀਅਤ ਨਾਲ ਆਇਆ ਹੋਇਆ ਹੈ।
ਇਸ ਤੋਂ ਬਅਦ ਮੁਕੇਸ਼ ਨੇ ਚੋਰ-ਚੋਰ ਚੀਕਣਾ ਸ਼ੁਰੂ ਕਰ ਦਿੱਤਾ। ਇਸ ਨਾਲ ਸਾਰੇ ਲੋਕ ਉੱਠੇ ਖਲੋਤੇ ਤੇ ਭੀੜ ਵਿੱਚ ਆਏ ਲੋਕਾਂ ਨੇ ਸਾਹਿਲ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਫਿਰ ਉਨ੍ਹਾਂ ਪੁਲਿਸ ਨੂੰ ਫੋਨ ਕੀਤਾ। ਪੁਲਿਸ ਨੇ ਜ਼ਖ਼ਮੀ ਸਾਹਿਲ ਨੂੰ ਹਸਪਤਾਲ ਦਾਖ਼ਲ ਕਰਵਾਇਆ ਪਰ ਤਬੀਅਤ ਜ਼ਿਆਦਾ ਖਰਾਬ ਹੋਣ ਕਰਕੇ ਕੱਲ੍ਹ ਸ਼ਾਮੀਂ ਉਸ ਦੀ ਮੌਤ ਹੋ ਗਈ। ਇਸ ਦੇ ਬਾਅਦ ਐਫਆਈਆਰ ਦੀ ਧਾਰਾ ਵਿੱਚ ਬਦਲਾਅ ਕੀਤੇ ਗਏ ਤੇ 6 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।