ਨਵੀਂ ਦਿੱਲੀ: ਬੀਤੇ ਦਿਨ ਦਿੱਲੀ ਵਿੱਚ ਇੱਕ ਸਿੱਖ ਪਿਉ-ਪੁੱਤ ਨਾਲ ਦਰਦਨਾਕ ਕਾਰਾ ਵਾਪਰਿਆ। ਦਿੱਲੀ ਪੁਲਿਸ ਵੱਲੋਂ ਸੜਕ 'ਤੇ ਭੀੜ ਵਿੱਚ ਸਿੱਖ ਪਿਉ-ਪੁੱਤ ਦੀ ਸ਼ਰ੍ਹੇਆਮ ਕੁੱਟਮਾਰ ਕੀਤੀ ਗਈ। ਇਸ ਸਬੰਧੀ ਅੱਜ ਦਿੱਲੀ ਪੁਲਿਸ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਇਸ ਮਾਮਲੇ ਵਿੱਚ ਕਰਾਸ FIR ਦਰਜ ਕੀਤੀ ਗਈ ਹੈ। ਹੁਣ ਇਹ ਮਾਮਲਾ ਕ੍ਰਾਈਮ ਬਰਾਂਚ ਨੂੰ ਸੌਂਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜੁਆਇੰਟ ਕਮਿਸ਼ਨਰ ਮਾਮਲੇ ਦੀ ਜਾਂਚ ਕਰ ਰਹੇ ਹਨ ਕਿ ਕਿਸ-ਕਿਸ ਪੁਲਿਸ ਅਧਿਕਾਰੀ-ਮੁਲਾਜ਼ਮ ਦੀ ਗ਼ਲਤੀ ਸੀ।

ਪਹਿਲੇ ਮਾਮਲੇ ਵਿੱਚ ਸਿੱਖ ਟੈਂਪੂ ਚਾਲਕ ਤੇ ਉਨ੍ਹਾਂ ਦੇ ਸਾਥੀਆਂ ਨੂੰ ਮੁਲਜ਼ਮ ਠਹਿਰਾਇਆ ਗਿਆ ਹੈ। ਦੂਜਾ ਮਾਮਲਾ ਸਿੱਖ ਚਾਲਕ ਵੱਲੋਂ ਦਿੱਲੀ ਪੁਲਿਸ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਮਾਮਲੇ Assault and use of course ਦੀਆਂ ਧਾਰਾਵਾਂ ਤਹਿਤ ਦਰਜ ਕੀਤੇ ਗਏ ਹਨ।



ਪੁਲਿਸ ਅਧਿਕਾਰੀ ਨੇ ਦੱਸਿਆ ਕਿ ਝਗੜੇ ਦੀ ਸ਼ੁਰੂਆਤ ਪੀੜਤ ਸਰਬਜੀਤ ਸਿੰਘ ਵੱਲੋਂ ਕੀਤੀ ਗਈ ਸੀ। ਦਰਅਸਲ ਪੁਲਿਸ ਦੀ ਗੱਡੀ ਹਲਕਾ ਜਿਹਾ ਸਰਬਜੀਤ ਸਿੰਘ ਦੇ ਟੈਂਪੂ ਨਾਲ ਟਕਰਾ ਗਈ ਸੀ। ਪਹਿਲਾ ਮਾਮਲਾ ਪੁਲਿਸ ਵੱਲੋਂ ਦਰਜ ਕੀਤਾ ਗਿਆ ਜਿਸ ਵਿੱਚ ਧਾਰਾਵਾਂ 186, 353, 332, 34 ਲਾਈਆਂ ਗਈਆਂ ਹਨ। ਘਟਨਾ ਵਿੱਚ ਪੁਲਿਸ ਦੇ 8 ਮੁਲਾਜ਼ਮ ਜ਼ਖ਼ਮੀ ਹੋਏ ਹਨ। 2 ਥਾਣੇਦਾਰ ਤੇ ਇੱਕ ਪੁਲਿਸ ਕਰਮੀ ਮੁਅੱਤਲ ਕਰ ਦਿੱਤੇ ਗਏ ਹਨ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਪਹਿਲਾਂ ਪੁਲਿਸ ਪਾਰਟੀ 'ਤੇ ਹਮਲਾ ਹੋਇਆ, ਉਸ ਤੋਂ ਬਾਅਦ ਪੁਲਿਸ ਵਾਲਿਆਂ ਸਰਬਜੀਤ ਸਿੰਘ ਤੇ ਉਨ੍ਹਾਂ ਦੇ ਨਾਬਾਲਿਗ ਪੁੱਤਰ ਦੀ ਕੁੱਟਮਾਰ ਕੀਤੀ ਜੋ ਕਿ ਬਿਲਕੁਲ ਗੈਰ ਪੇਸ਼ੇਵਾਰਾਨਾ ਹੈ। ACP 'ਤੇ ਹੋਏ ਹਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ।