Delhi News : ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (DDMA) ਨੇ ਰਾਜ ਵਿੱਚ ਮਾਸਕ ਪਹਿਨਣ ਦੀ ਲਾਜ਼ਮੀ ਮਿਆਦ ਨੂੰ 30 ਸਤੰਬਰ ਤੋਂ ਅੱਗੇ ਨਾ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਸਿਹਤ ਅਤੇ ਪਰਿਵਾਰ ਭਲਾਈ ਨੇ ਕਿਹਾ ਕਿ ਡੀਡੀਐਮਏ ਨੇ ਇਹ ਵੀ ਫੈਸਲਾ ਕੀਤਾ ਹੈ ਕਿ 30 ਸਤੰਬਰ ਤੋਂ ਬਾਅਦ ਮਾਸਕ ਨਾ ਪਹਿਨਣ 'ਤੇ 500 ਰੁਪਏ ਦਾ ਜੁਰਮਾਨਾ ਨਹੀਂ ਲਗਾਇਆ ਜਾਵੇਗਾ।

ਦਿੱਲੀ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਦੱਸਿਆ 'ਡੀਡੀਐਮਏ ਨੇ ਫੈਸਲਾ ਕੀਤਾ ਹੈ ਕਿ ਮਹਾਂਮਾਰੀ ਕਾਨੂੰਨ ਦੇ ਤਹਿਤ ਮਾਸਕ ਦੀ ਜ਼ਰੂਰਤ ਨੂੰ 30 ਸਤੰਬਰ ਤੋਂ ਵੱਧ ਨਹੀਂ ਵਧਾਇਆ ਜਾ ਸਕਦਾ ਅਤੇ 30 ਸਤੰਬਰ ਤੋਂ ਬਾਅਦ ਜਨਤਕ ਥਾਵਾਂ 'ਤੇ ਮਾਸਕ ਨਾ ਪਹਿਨਣ ਲਈ 500 ਰੁਪਏ ਜੁਰਮਾਨਾ ਵੀ ਖਤਮ ਕਰ ਦਿੱਤਾ ਜਾਵੇਗਾ।


ਇਹ ਵੀ ਪੜ੍ਹੋ : Drug Racket Cases : ਡਰੱਗਜ਼ ਰੈਕੇਟ ਮਾਮਲੇ 'ਚ ਮੋਗਾ ਰੇਡ ਕਰਨ ਗਈ ਪੁਲਿਸ 'ਤੇ ਤਸਕਰਾਂ ਨੇ ਚਲਾਈ ਗੋਲੀ, ਕਾਂਸਟੇਬਲ ਜ਼ਖਮੀ

  ਅਪ੍ਰੈਲ ਵਿਚ ਦੁਬਾਰਾ ਲਗਾਇਆ ਗਿਆ ਸੀ ਜੁਰਮਾਨਾ

ਡੀਡੀਐਮਏ ਨੇ ਇਹ ਫੈਸਲਾ ਰਾਜ ਵਿੱਚ ਕੋਰੋਨਾ ਮਾਮਲਿਆਂ ਵਿੱਚ ਵੱਡੀ ਕਮੀ ਦੇ ਮੱਦੇਨਜ਼ਰ ਲਿਆ ਹੈ। ਹਾਲ ਹੀ ਵਿੱਚ ਡੀਡੀਐਮਏ ਨੇ ਕੋਰੋਨਾ ਦੇ ਸਬੰਧ ਵਿੱਚ ਇੱਕ ਸਮੀਖਿਆ ਮੀਟਿੰਗ ਕੀਤੀ, ਮੀਟਿੰਗ ਵਿੱਚ ਮਾਸਕ ਨਾ ਪਹਿਨਣ 'ਤੇ ਜੁਰਮਾਨਾ ਲਗਾਉਣ ਦੀ ਵਿਵਸਥਾ ਨੂੰ ਵੀ ਵਾਪਸ ਲੈ ਲਿਆ ਗਿਆ।

ਜਾਣਕਾਰੀ ਲਈ ਦੱਸ ਦੇਈਏ ਕਿ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਇਸ ਸਾਲ ਅਪ੍ਰੈਲ 'ਚ ਫਿਰ ਤੋਂ ਜਨਤਕ ਥਾਵਾਂ 'ਤੇ ਮਾਸਕ ਨਾ ਪਹਿਨਣ 'ਤੇ 500 ਰੁਪਏ ਜੁਰਮਾਨੇ ਦੀ ਵਿਵਸਥਾ ਕੀਤੀ ਸੀ ਪਰ ਪਿਛਲੇ ਮਹੀਨੇ ਹੋਈ ਮੀਟਿੰਗ ਵਿੱਚ ਡੀਡੀਐਮਏ ਨੇ ਫੈਸਲਾ ਕੀਤਾ ਕਿ 30 ਸਤੰਬਰ ਤੋਂ ਬਾਅਦ ਮਾਸਕ ਪਹਿਨਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ।

ਏਮਜ਼ ਦੇ ਸਾਬਕਾ ਡਾਇਰੈਕਟਰ ਨੇ ਕੀਤੀ ਅਜੇ ਸਾਵਧਾਨੀ ਵਰਤਣ ਦੀ ਅਪੀਲ

ਦੂਜੇ ਪਾਸੇ ਭਾਰਤ ਵਿੱਚ ਇੱਕ ਬਹੁਤ ਹੀ ਛੂਤ ਵਾਲਾ ਕੋਵਿਡ ਵੈਰੀਐਂਟ ਪਾਏ ਜਾਣ ਦੀਆਂ ਰਿਪੋਰਟਾਂ ਦੇ ਵਿਚਕਾਰ ਦਿੱਲੀ ਏਮਜ਼ ਦੇ ਸਾਬਕਾ ਡਾਇਰੈਕਟਰ ਡਾਕਟਰ ਰਣਦੀਪ ਗੁਲੇਰੀਆ ਨੇ ਆਮ ਲੋਕਾਂ ਨੂੰ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਸਾਰੇ ਲੋਕਾਂ ਨੂੰ ਸੁਝਾਅ ਦੇਵਾਂਗਾ ਕਿ ਜੇਕਰ ਉਹ ਘਰ ਤੋਂ ਬਾਹਰ ਜਾ ਰਹੇ ਹਨ ਜਾਂ ਭੀੜ ਵਾਲੀਆਂ ਥਾਵਾਂ 'ਤੇ ਜਾ ਰਹੇ ਹਨ ਤਾਂ ਉਹ ਮਾਸਕ ਜ਼ਰੂਰ ਪਹਿਨਣ ਅਤੇ ਬਜ਼ੁਰਗਾਂ ਨੂੰ ਬਾਹਰ ਜਾਣ ਤੋਂ ਰੋਕਣ ਕਿਉਂਕਿ ਇਸ ਨਾਲ ਇਨਫੈਕਸ਼ਨ ਤੇਜ਼ੀ ਨਾਲ ਫੈਲਣ ਦੀ ਸੰਭਾਵਨਾ ਹੈ। 

ਉਨ੍ਹਾਂ ਅੱਗੇ ਕਿਹਾ ਕਿ ਹੁਣ ਕੋਰੋਨਾ ਦੇ ਨਵੇਂ ਰੂਪ ਆਉਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਕੋਰੋਨਾ 'ਚ ਨਵਾਂ ਵੈਰੀਐਂਟ ਬਣਾਉਣ ਦੀ ਪ੍ਰਵ੍ਰਿਤੀ ਹੁੰਦੀ ਹੈ ,ਜੋ ਜਾਰੀ ਰਹੇਗੀ  ਪਰ ਹੁਣ ਸਥਿਤੀ ਵੱਖਰੀ ਹੈ। ਪਹਿਲਾਂ ਸਾਡੇ ਕੋਲ ਵੈਕਸੀਨ ਨਹੀਂ ਸੀ ਪਰ ਹੁਣ ਸਾਰੇ ਲੋਕਾਂ ਨੂੰ ਟੀਕਾ ਲਗਾਇਆ ਜਾ ਸਕਦਾ ਹੈ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਸਾਵਧਾਨ ਨਹੀਂ ਰਹਿਣਾ ਚਾਹੀਦਾ। ਗੁਲੇਰੀਆ ਨੇ ਕਿਹਾ ਕਿ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਹੈ ਅਤੇ ਅਜਿਹੇ 'ਚ ਕੋਰੋਨਾ ਦੇ ਮਾਮਲੇ ਵੀ ਵੱਧ ਰਹੇ ਹਨ।