Drug Racket Cases : ਪੁਲਿਸ ਅਕੈਡਮੀ ਫਿਲੌਰ ’ਚ ਡਰੱਗਜ਼ ਰੈਕੇਟ ਮਾਮਲੇ 'ਚ ਲੋੜੀਂਦੇ ਤਸਕਰ 'ਤੇ ਛਾਪਾ ਮਾਰਨ ਗਈ ਫਿਲੌਰ ਪੁਲਿਸ 'ਤੇ ਨਸ਼ਾ ਤਸਕਰਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ 'ਚ ਹੌਲਦਾਰ ਜ਼ਖਮੀ ਹੋ ਗਿਆ ਹੈ। ਮੋਗਾ ਦੇ ਕੋਲ ਇਕ ਪਿੰਡ ’ਚ ਹੋਏ ਇਸ ਮੁਕਾਬਲੇ ਤੋਂ ਬਾਅਦ ਤਸਕਰ ਨੂੰ ਕਾਬੂ ਕਰ ਲਿਆ ਗਿਆ ਹੈ, ਜਿਸ ਦੀ ਪਛਾਣ ਗਗਨਦੀਪ ਵਜੋਂ ਹੋਈ ਹੈ। ਪੁਲਿਸ ਕਾਬੂ ਕੀਤੇ ਤਸਕਰ ਗਗਨਦੀਪ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ। .
ਫਿਲੌਰ ਅਤੇ ਜਲੰਧਰ ਤੋਂ ਐਨ.ਡੀ.ਪੀ.ਐਸ. ਐਕਟ ਦੇ ਮਾਮਲੇ 'ਚ ਲੋੜੀਂਦੇ ਨਸ਼ਾ ਤਸਕਰ ਗਗਨਦੀਪ ਸਿੰਘ ਵਾਸੀ ਦੁੱਨੇਕੇ ਨੂੰ ਕਾਬੂ ਕਰਨ ਪਹੁੰਚੀ ਪੁਲਿਸ 'ਤੇ ਤਸਕਰਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਦੌਰਾਨ ਥਾਣਾ ਫਿਲੌਰ 'ਚ ਤਾਇਨਾਤ ਹੌਲਦਾਰ ਮਨਦੀਪ ਸਿੰਘ ਜ਼ਖਮੀ ਹੋ ਗਿਆ ਪਰ ਮਨਦੀਪ ਸਿੰਘ ਨੇ ਤਸਕਰ ਨੂੰ ਫੜ ਕੇ ਪੁਲਿਸ ਟੀਮ ਦੇ ਹਵਾਲੇ ਕਰ ਦਿੱਤਾ ਪਰ ਗੋਲੀ ਚਲਾਉਣ ਵਾਲਾ ਦੋਸ਼ੀ ਲਵਪ੍ਰੀਤ ਸਿੰਘ ਫਰਾਰ ਹੋ ਗਿਆ।
ਥਾਣਾ ਫਿਲੌਰ ਦੇ ਐਸਐਚਓ ਸੁਰਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪੁਲੀਸ ਟੀਮ ਗਗਨਦੀਪ ਨੂੰ ਫੜਨ ਲਈ ਪਿੰਡ ਦੁੱਨੇਕੇ ਪੁੱਜੀ ਸੀ। ਜਦੋਂ ਉਸ ਨੂੰ ਕਾਬੂ ਕੀਤਾ ਗਿਆ ਤਾਂ ਉਸ ਦੇ ਅਣਪਛਾਤੇ ਸਾਥੀ ਨੇ ਪੁਲਿਸ ਪਾਰਟੀ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ 'ਚ ਹੌਲਦਾਰ ਮਨਦੀਪ ਸਿੰਘ ਜ਼ਖਮੀ ਹੋ ਗਿਆ ਹੈ। ਇਸ ਦੇ ਬਾਵਜੂਦ ਮਨਦੀਪ ਸਿੰਘ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਭਗੌੜੇ ਦੋਸ਼ੀ ਗਗਨਦੀਪ ਨੂੰ ਕਾਬੂ ਕਰ ਲਿਆ।
ਮਨਦੀਪ ਸਿੰਘ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ ਗਿਆ ਸੀ , ਜਿੱਥੋਂ ਉਸ ਨੂੰ ਜਲੰਧਰ ਦੇ ਗਲੋਬਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਥਾਣਾ ਫਿਲੌਰ ਦੇ ਐਸਐਚਓ ਨੇ ਦੱਸਿਆ ਕਿ ਕਰੀਬ 5 ਮਹੀਨੇ ਪਹਿਲਾਂ ਪੁਲਿਸ ਅਕੈਡਮੀ ਫਿਲੌਰ ’ਚ ਡਰੱਗਜ਼ ਰੈਕੇਟ ਦਾ ਪਰਦਾਫਾਸ਼ ਹੋਇਆ ਸੀ, ਜਿਸ ਤੋਂ ਬਾਅਦ 8 ਪੁਲਿਸ ਮੁਲਾਜ਼ਮ ਨਸ਼ਾ ਵੇਚਣ ਅਤੇ ਪੀਣ ਦੇ ਆਦੀ ਪਾਏ ਗਏ ਸਨ, ਜਿਨ੍ਹਾਂ ਖ਼ਿਲਾਫ ਪੁਲਸ ਨੇ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਸੀ।
ਇਸ ਮਗਰੋਂ ਪਤਾ ਲੱਗਾ ਕਿ ਪੁਲਸ ਅਕੈਡਮੀ ਵਿਚ ਤਾਇਨਾਤ ਇਨ੍ਹਾਂ ਪੁਲਸ ਮੁਲਾਜ਼ਮਾਂ ਨੂੰ ਪਿੰਡ ਪੰਜਤੇਰਾ ਦੇ ਰਹਿਣ ਵਾਲੇ ਨਿਧੀ ਅਤੇ ਉਸ ਦਾ ਪਤੀ ਗੁਰਦੀਪ ਨਸ਼ੀਲਾ ਪਾਊਡਰ ਸਪਲਾਈ ਕਰਦੇ ਹਨ। 21 ਮਈ ਨੂੰ ਫਿਲੌਰ ਪੁਲੀਸ ਨੇ ਨਸ਼ਾ ਤਸਕਰ ਨਿਧੀ ਨੂੰ 42 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ, ਜਦੋਂ ਕਿ ਉਸ ਦਾ ਪਤੀ ਗੁਰਦੀਪ ਲੁਕ ਕੇ ਨਸ਼ਾ ਸਮੱਗਲਿੰਗ ਦੇ ਧੰਦੇ ਨੂੰ ਅੰਜਾਮ ਦਿੰਦਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਉਕਤ ਦੋਸ਼ੀ ਮੋਗਾ ਕੋਲ ਹੈ ਤਾਂ ਪੁਲਿਸ ਛਾਪਾ ਮਾਰਨ ਲਈ ਮੌਕੇ 'ਤੇ ਪਹੁੰਚੀ।