ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਦਵਾਈਆਂ ਦੀ ਕਾਲਾਬਾਜ਼ਾਰੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਇਸ ਗੈਂਗ ਦੇ ਮੈਂਬਰ ਸੈਨਾ ਦੇ ਜਵਾਨਾਂ ਨੂੰ ਮਿਲਣ ਵਾਲ਼ੀਆਂ ਦਵਾਈਆਂ ਦੀ ਕਾਲਾਬਾਜ਼ਾਰੀ ਕਰਦੇ ਸੀ। ਪੁਲਿਸ ਨੇ ਇਸ ਮਾਮਲੇ ‘ਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਦੋਵੇਂ ਵਿਅਕਤੀ ਭਰਾ ਹਨ ਤੇ ਲਕਸ਼ਮੀ ਨਗਰ ਦੇ ਦਫਤਰ ਤੋਂ ਇਸ ਧੰਦੇ ਨੂੰ ਅੰਜ਼ਾਮ ਦਿੰਦੇ ਸੀ।


ਇਸ ਦੇ ਨਾਲ ਹੀ ਪੁਲਿਸ ਨੇ ਦੋਵਾਂ ਕੋਲੋਂ 30 ਲੱਖ ਰੁਪਏ ਦੀ ਦਵਾਈ ਤੇ ਦਵਾਈ ਦੇ ਰੈਪਰ ਲੱਗੀ ਮੋਹਰ ਨੂੰ ਮਿਟਾਉਣ ਦਾ ਕੈਮੀਕਲ ਬਰਾਮਦ ਕੀਤਾ ਹੈ। ਪੁਲਿਸ ਪੁੱਛਗਿੱਛ ‘ਚ ਦੋਵਾਂ ਭਰਾਵਾਂ ਨੇ ਦੱਸਿਆ ਕਿ ਇਹ ਗਰੋਹ ਕਾਫੀ ਵੱਡਾ ਹੈ ਤੇ ਇਸ ਦਾ ਕੰਮ ਪੂਰੇ ਦੇਸ਼ ‘ਚ ਫੈਲਿਆ ਹੈ।

ਘਟਨਾ ਬਾਰੇ ਪੂਰਬੀ ਦਿੱਲੀ ਦੇ ਡੀਸੀਪੀ ਜਸਮੀਤ ਸਿੰਘ ਦਾ ਕਹਿਣਾ ਹੈ ਕਿ ਏਟੀਐਸ ਨੂੰ ਦਵਾਈਆਂ ਦੀ ਕਾਲਾਬਾਜ਼ਾਰੀ ਬਾਰੇ ਸੂਚਨਾ ਮਿਲੀ ਸੀ। ਡੀਸੀਪੀ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਦਵਾਈਆਂ ਦੇ ਨਾਲ ਵਿਕਾਸ ਮਾਰਗ ‘ਤੇ ਆਉਣ ਵਾਲਾ ਹੈ। ਇਸ ਤੋਂ ਬਾਅਦ ਅਸੀਂ ਤਿਆਰੀ ਕੀਤੀ ਤੇ ਧੁਰਵਨਾਥ ਝਾਅ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਉਸ ਨੇ ਦੱਸਿਆ ਕਿ ਇਹ ਦਵਾਈਆਂ ਭਾਰਤੀ ਸੈਨਾ ਦੇ ਜਵਾਨਾਂ ਤੇ ਈਐਸਆਈ ਹਸਪਤਾਲ ‘ਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਲਈ ਹੁੰਦੀਆਂ ਹਨ।

ਝਾਅ ਨੇ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਉਸ ਦੇ ਸਕੇ ਭਰਾ ਨੂੰ ਵੀ ਲਕਸ਼ਮੀ ਨਗਰ ਦਫਤਰ ਤੋਂ ਗ੍ਰਿਫ਼ਤਾਰ ਕੀਤਾ। ਜਿੱਥੇ ਛਾਪੇਮਾਰੀ ਦੌਰਾਨ ਦਵਾਈਆਂ ਬਰਾਮਦ ਕੀਤੀਆਂ ਗਈਆਂ। ਪੁੱਛਗਿੱਛ ਦੌਰਾਨ ਦੋਵਾਂ ਨੇ ਦੱਸਿਆ ਕਿ ਉਹ ਇਸ ਗੈਂਗ ਦੇ ਛੋਟੇ ਮੈਂਬਰ ਹਨ। ਇਹ ਗੈਂਗ ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਜਿਹੇ ਸੂਬਿਆਂ ‘ਚ ਐਕਟਿਵ ਹੈ।

ਪੁਲਿਸ ਦਾ ਦਾਅਵਾ ਹੈ ਕਿ ਜਲਦੀ ਹੀ ਦੇਸ਼ ‘ਚ ਫੈਲੇ ਇਸ ਗੈਂਗ ਦਾ ਪਰਦਾਫਾਸ਼ ਕੀਤਾ ਜਾਵੇਗਾ ਤੇ ਕਰੋੜਾਂ ਰੁਪਏ ਦੀ ਹੇਰਫੇਰੀ ਦਾ ਵੀ ਪਰਦਾਫਾਸ਼ ਹੋ ਸਕੇਗਾ। ਪੁਲਿਸ ਮੁਤਾਬਕ ਮੁਲਜ਼ਮ ਓਮਨਾਥ ਝਾਅ ਪੇਸ਼ੇ ਤੋਂ ਫਾਰਮਾਸਿਸਟ ਹੈ ਜੋ ਇਸ ਕੰਮ ‘ਚ ਪਿਛਲੇ ਢਾਈ ਸਾਲ ਤੋਂ ਹੈ। ਜੋ ਦਵਾਈ ਬਾਜ਼ਾਰ ‘ਚ ਦੋ-ਢਾਈ-ਲੱਖ ਰੁਪਏ ਦੀ ਮਿਲਦੀ ਹੈ, ਉਸ ਨੂੰ ਇਹ 40-50 ਹਜ਼ਾਰ ਰੁਪਏ ‘ਚ ਵੇਚਦਾ ਸੀ।