ਨਵੀਂ ਦਿੱਲੀ: ਨਵੇਂ ਮੋਟਰ ਵਹੀਕਲ ਐਕਟ ਦੇ ਲਾਗੂ ਹੋਣ ਤੋਂ ਬਾਅਦ ਤੋਂ ਭਾਰੀ ਰਕਮ ਦੇ ਚਲਾਨਾਂ ਦੀਆਂ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਅਜਿਹਾ ਹੀ ਇੱਕ ਮਾਮਲਾ ਕੌਮੀ ਰਾਜਧਾਨੀ ਦਿੱਲੀ ਤੋਂ ਸਾਹਮਣੇ ਆਇਆ ਹੈ। ਇੱਥੇ ਦੇਸ਼ ਦਾ ਸਭ ਤੋਂ ਮਹਿੰਗਾ ਚਲਾਨ ਕੱਟਿਆ ਗਿਆ ਹੈ। ਰਾਜਸਥਾਨ ਦੇ ਇੱਕ ਟਰੱਕ ਨੂੰ ਓਵਰਲੋਡਿੰਗ ਲਈ 1.41 ਲੱਖ ਰੁਪਏ ਦਾ ਚਲਾਨ ਜਾਰੀ ਕੀਤਾ ਗਿਆ ਹੈ।


ਟਰੱਕ ਮਾਲਕ ਨੇ 1.41 ਲੱਖ ਰੁਪਏ ਦਾ ਚਲਾਨ ਦਿੱਲੀ ਦੇ ਰੋਹਿਨੀ ਕੋਰਟ ਵਿੱਚ ਦਾਇਰ ਕਰ ਦਿੱਤਾ ਹੈ। ਭਗਵਾਨ ਰਾਮ ਨਾਂ ਦਾ ਟਰੱਕ ਮਾਲਕ ਦੇਸ਼ ਵਿੱਚ ਇੰਨੀ ਵੱਡੀ ਰਕਮ ਵਾਲਾ ਚਲਾਨ ਅਦਾ ਕਰਨ ਵਾਲਾ ਪਹਿਲਾ ਟਰਾਂਸਪੋਰਟਰ ਬਣ ਗਿਆ ਹੈ।





ਇਸ ਤੋਂ ਪਹਿਲਾਂ ਦੇਸ਼ ਵਿੱਚ ਸਭ ਤੋਂ ਮਹਿੰਗਾ ਚਲਾਨ ਹਰਿਆਣਾ ਵਿੱਚ ਜਾਰੀ ਹੋਇਆ ਸੀ। ਉੱਥੇ ਦਿੱਲੀ ਦੇ ਇੱਕ ਟਰੱਕ ਨੂੰ ਓਵਰਲੋਡ ਕਰਨ ਲਈ 1.16 ਲੱਖ ਰੁਪਏ ਦਾ ਚਲਾਨ ਕੀਤਾ ਗਿਆ ਸੀ। ਇਸ ਘਟਨਾ ਵਿੱਚ ਇੱਕ ਦਿਲਚਸਪ ਗੱਲ ਇਹ ਸਾਹਮਣੇ ਆਈ ਕਿ ਜਦੋਂ ਟਰੱਕ ਮਾਲਕ ਨੇ ਡਰਾਈਵਰ ਨੂੰ ਚਲਾਨ ਦਾ ਭੁਗਤਾਨ ਕਰਨ ਲਈ ਕਿਹਾ ਤਾਂ ਡਰਾਈਵਰ ਚਲਾਨ ਭਰਨ ਦੀ ਬਜਾਏ ਇੰਨੀ ਵੱਡੀ ਰਕਮ ਨਾਲ ਲੈ ਕੇ ਫਰਾਰ ਹੋ ਗਿਆ।


ਇਸ ਮਾਮਲੇ 'ਤੇ ਪੁਲਿਸ ਨੇ ਕਿਹਾ ਕਿ ਡਰਾਈਵਰ ਟਰੱਕ ਮਾਲਕ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ। ਪੁਲਿਸ ਨੇ ਦੱਸਿਆ ਕਿ ਇੰਨੀ ਵੱਡੀ ਰਕਮ ਦੇ ਚਲਾਨ ਕੱਟਣ ਕਾਰਨ ਮਾਲਕ ਨੇ ਡਰਾਈਵਰ ਨੂੰ ਥੱਪੜ ਮਾਰ ਦਿੱਤਾ। ਨਾਰਾਜ਼ ਡਰਾਈਵਰ ਟਰੱਕ ਮਾਲਕ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ ਇਸ ਲਈ ਉਹ ਪੈਸੇ ਲੈ ਕੇ ਭੱਜ ਗਿਆ। ਹਾਲਾਂਕਿ, ਡਰਾਈਵਰ ਨੂੰ ਪੁਲਿਸ ਨੇ ਕਾਬੂ ਕਰ ਲਿਆ ਤੇ ਪੈਸੇ ਬਰਾਮਦ ਕਰ ਲਏ ਸੀ।