ਨਵੀਂ ਦਿੱਲੀ : ਦਿੱਲੀ ਵਿੱਚ ਪ੍ਰਦੂਸ਼ਣ ਲਗਾਤਾਰ ਵਧਦਾ ਜਾ ਰਿਹਾ ਹੈ। ਇਸੀ ਨੂੰ ਦੇਖਦੇ ਹੋਏ ਐਮ ਸੀ ਡੀ ਨੇ ਆਪਣੇ ਸਾਰੇ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਹਨ। ਸਥਿਤੀ ਇਹ ਹੈ ਕਿ ਦਿੱਲੀ ਦੇ ਆਸਮਾਨ ਵਿੱਚ ਪਿਛਲੇ ਛੇ ਦਿਨ ਤੋਂ ਧੂੰਆਂ ਛਾਇਆ ਹੋਇਆ ਹੈ। ਮੌਸਮ ਵਿਭਾਗ ਅਨੁਸਾਰ ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਵਿੱਚ ਹੋਏ ਵਾਧੇ ਕਾਰਨ ਸਥਿਤੀ ਜ਼ਿਆਦਾ ਖ਼ਤਰਨਾਕ ਹੋਈ ਹੈ।

ਮੌਸਮ ਵਿਭਾਗ ਨੇ ਇਸ ਨੂੰ ਪਿਛਲੇ 17 ਸਾਲਾਂ ਵਿੱਚ ਸਭ ਤੋਂ ਖ਼ਤਰਨਾਕ ਧੂੰਆਂ ਐਲਾਨਿਆ ਹੈ। ਵੱਧ ਰਹੇ ਪ੍ਰਦੂਸ਼ਣ ਕਾਰਨ ਸਭ ਤੋਂ ਜ਼ਿਆਦਾ ਅਸਰ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਉੱਤੇ ਪੈ ਰਿਹਾ ਹੈ। ਦਿੱਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਧੁੰਦ ਛਾਈ ਹੋਈ ਹੈ। ਇਸ ਨੂੰ ਦੇਖਦੇ ਹੋਏ ਦਿੱਲੀ ਦੇ ਕਈ ਨਿੱਜੀ ਅਤੇ ਸਰਕਾਰੀ ਸਕੂਲਾਂ ਨੇ ਇੱਕ ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ।

ਦਿੱਲੀ ਦੇ ਨਾਲ ਨਾਲ ਗੁਰੂਗ੍ਰਾਮ ਦੇ ਕੁੱਝ ਸਕੂਲਾਂ ਨੇ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸਕੂਲਾਂ ਨੇ ਬੱਚਿਆਂ ਨੂੰ ਮਾਸਕ ਲੱਗਾ ਕੇ ਰੱਖਣ ਦੀ ਸਲਾਹ ਦਿੱਤੀ ਹੈ। ਦਿੱਲੀ ਵਿੱਚ ਪਿਛਲੇ 24 ਘੰਟਿਆਂ ਦੌਰਾਨ ਪ੍ਰਦੂਸ਼ਣ ਦਾ ਪੱਧਰ ਪੀ ਐਮ 2.5 ਅਤੇ ਪੀ ਐੱਮ 10 ਦੋਵੇਂ ਹੀ 500 ਤੱਕ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਅਗਲੇ ਕੁੱਝ ਦਿਨਾਂ ਤੱਕ ਦਿੱਲੀ ਦੀ ਫ਼ਿਜ਼ਾ ਵਿੱਚ ਇਸੀ ਤਰ੍ਹਾਂ ਧੂੰਆਂ ਛਾਇਆ ਰਹੇਗਾ।