ਨਵੀਂ ਦਿੱਲੀ: ਦੀਵਾਲੀ ਤੋਂ ਪਹਿਲਾਂ ਦਿੱਲੀ ‘ਚ ਪ੍ਰਦੂਸ਼ਣ ਵਧਣ ਦੇ ਆਸਾਰ ਹਨ। ਹਵਾ ਦੀ ਗੁਣਵਤਾ ਦੇ ਪੱਧਰ ‘ਚ ਗਿਰਾਵਟ ਆਈ ਹੈ। ਪਿਛਲੇ ਦੋ ਦਿਨਾਂ ਤੋਂ ਪਾਰਟੀਕੁਲੇਟ ਮੈਟਰ (ਪੀਐਮ) 2.5 ਤੇ ਪਐਮ 10 ਦਾ ਪੱਧਰ ਲਗਾਤਾਰ ਵਧਣ ਲੱਗਿਆ ਹੈ। ਹਾਲਾਤ ਇਹ ਹਨ ਕਿ ਇਸ ਸਮੇਂ ਦਿੱਲੀ ਦੇ ਜ਼ਿਆਦਾਤਕ ਇਲਾਕਿਆਂ ‘ਚ ਪੀਐਮ 2.5 ਦੇ ਪੱਧਰ 150 ਦੇ ਅੰਕੜੇ ਤੋਂ ਪਾਰ ਪਹੁੰਚ ਗਿਆ ਹੈ।

ਸਵੇਰ ਦੇ ਸਮੇਂ ਦਿੱਲੀ ਦੇ ਲੋਧੀ ਰੋਡ ‘ਤੇ ਪੀਐਮ 2.5 ਪੱਧਰ 192 ਤੇ ਪੀਐਮ 10 ਦਾ ਲੇਵਲ 202 ਤੋਂ ਪਾਰ ਪਹੁੰਚ ਗਿਆ ਸੀ। ਉਧਰ ਦਿੱਲੀ ਦੇ ਆਨੰਦ ਵਿਹਾਰ ਇਲਾਕੇ ‘ਚ ਸਥਿਤੀ ਸਭ ਤੋਂ ਜ਼ਿਆਦਾ ਖ਼ਤਰਨਾਕ ਹੈ। ਇੱਥੇ ਪੀਐਮ 2.5 ਦਾ ਪੱਧਰ 220 ਤਕ ਪਹੁੰਚ ਚੁੱਕਿਆ ਹੈ।

ਦਿੱਲੀ ਮੌਸਮ ਵਿਭਾਗ ਦੇ ਵਿਗਿਆਨੀਆਂ ਮੁਤਾਬਕ ਮਾਨਸੂਨ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਹਵਾ ਚੱਲਣ ਦੀ ਦਿਸ਼ਾ ‘ਚ ਬਦਲਾਅ ਆਇਆ ਹੈ। ਇਸ ਕਰਕੇ ਹਵਾ ਦੀ ਗੁਣਵਤਾ ‘ਤੇ ਅਸਰ ਵੇਖਣ ਨੂੰ ਮਿਲ ਸਕਦਾ ਹੈ। ਵਿੰਡ ਸਪੀਡ ਦਾ ਵੀ ਅਸਰ ਇਸ ‘ਤੇ ਪੈ ਰਿਹਾ ਹੈ। ਅਗਲੇ ਕੁਝ ਦਿਨਾਂ ਤਕ ਹਵਾ ਦੀ ਸਪੀਡ ਘੱਟ ਰਹਿਣ ਵਾਲੀ ਹੈ ਜਿਸ ਨਾਲ ਪ੍ਰਦੂਸ਼ਣ ‘ਚ ਵਾਧਾ ਹੋਵੇਗਾ।

ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ-ਪੰਜਾਬ ‘ਚ ਪਰਾਲੀ ਸੜਨ ‘ਤੇ ਇੱਕ ਵਾਰ ਫੇਰ ਚਿੰਤਾ ਜ਼ਾਹਿਰ ਕੀਤਾ ਹੈ। ਦਿੱਲੀ ‘ਚ ਵਧ ਰਹੇ ਪ੍ਰਦੂਸ਼ਣ ਦਾ ਕਾਰਨ ਹਰਿਆਣਾ-ਪੰਜਾਬ ਨੂੰ ਠਹਿਰਾਇਆ ਜਾ ਰਿਹਾ ਹੈ।