ਕਰਨਾਲ: ਹਰਿਆਣਾ ਵਿੱਚ ਝੋਨੇ ਦੀ ਕਟਾਈ ਮਗਰੋਂ ਪਰਾਲੀ ਸਾੜਨ ਵਾਲੇ ਕਰਨਾਲ ਜ਼ਿਲ੍ਹੇ ਦੇ 35 ਕਿਸਾਨਾਂ ਖਿਲਾਫ ਖੇਤੀ ਵਿਭਾਗ ਨੇ ਸ਼ਿਕਾਇਤ ਦਰਜ ਕਰਵਾਈ ਹੈ। ਸੈਟੇਲਾਈਟ ਜ਼ਰੀਏ ਪਰਾਲੀ ਸਾੜਨ ਦੀ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਵਿਭਾਗ ਦੇ ਅਧਿਕਾਰੀਆਂ ਨੇ ਮਾਲੀਆ ਵਿਭਾਗ ਦੀ ਟੀਮ ਨਾਲ ਮੌਕੇ ਦਾ ਜਾਇਜ਼ਾ ਲਿਆ। ਵਿਭਾਗ ਨੂੰ 120 ਥਾਵਾਂ ਦੀ ਜਾਣਕਾਰੀ ਮਿਲੀ ਸੀ ਜਿਨ੍ਹਾਂ ਵਿੱਚੋਂ 58 ਥਾਵਾਂ 'ਤੇ ਚਿੰਨ੍ਹ ਲਾਏ ਗਏ ਹਨ।
ਜਿਨ੍ਹਾਂ ਖੇਤਾਂ ਵਿੱਚ ਅੱਗ ਲਾਈ ਗਈ ਸੀ, ਉਨ੍ਹਾਂ ਦੇ ਕਿੱਲਾ ਨੰਬਰ ਦੇ ਆਧਾਰ 'ਤੇ ਖੇਤ ਮਾਲਕਾਂ ਖਿਲਾਫ ਕਾਰਵਾਈ ਹੋ ਗਈ ਹੈ। ਸੈਟੇਲਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ ਵਿੱਚ 75 ਥਾਵਾਂ 'ਤੇ ਪਰਾਲੀ ਸਾੜੀ ਗਈ ਸੀ। ਇਨ੍ਹਾਂ ਸਾਰੀਆਂ ਥਾਵਾਂ ਨੂੰ ਪਟਵਾਰੀ ਦੀ ਮਦਦ ਨਾਲ ਲੱਭਿਆ ਜਾ ਰਿਹਾ ਹੈ। ਵਿਭਾਗ ਦੀ ਇਸ ਕਾਰਵਾਈ ਨਾਲ ਕਿਸਾਨਾਂ ਦੇ ਸਾਹ ਸੁੱਕ ਗਏ ਹਨ।
ਇਸ ਬਾਰੇ ਖੇਤੀ ਵਿਭਾਗ ਦਾ ਕਹਿਣਾ ਹੈ ਕਿ ਪਰਾਲੀ ਸਾੜਨ ਦੀ ਪ੍ਰਕਿਰਿਆ ਹਰਗਿਜ਼ ਨਹੀਂ ਹੋਣ ਦਿੱਤੀ ਜਾਏਗੀ। ਅਜਿਹਾ ਕਰਨ ਵਾਲੇ ਕਿਸਾਨਾਂ ਖਿਲਾਫ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਏਗੀ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 4-5 ਦਿਨਾਂ ਅੰਦਰ ਕਰਨਾਲ ਜ਼ਿਲ੍ਹੇ ਅੰਦਰ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਹੋਈਆਂ ਹਨ, ਜਿਸ ਦੀ ਜਾਣਕਾਰੀ ਖੇਤੀ ਉਪ ਨਿਰਦੇਸ਼ਕ ਦਫ਼ਤਰ ਨੂੰ ਭੇਜੀ ਗਈ ਸੀ। ਟੀਮ ਮੌਕੇ 'ਤੇ ਪਹੁੰਚੀ ਤੇ ਜਾਂਚ ਕੀਤੀ ਤੇ ਮਗਰੋਂ ਪੁਲਿਸ ਨੂੰ ਰਿਪੋਰਟ ਸੌਪ ਦਿੱਤੀ ਗਈ ਹੈ।