ਨਵੀਂ ਦਿੱਲੀ: ਕੋਰੋਨਾ ਦੇ ਮਾਮਲਿਆਂ 'ਚ ਕਮੀ ਤੋਂ ਬਾਅਦ ਸਰਕਾਰ ਨੇ ਉਡਾਣਾਂ 'ਤੇ ਸਮਰੱਥਾ ਦੀ ਪਾਬੰਦੀ ਹਟਾਉਣ ਦਾ ਫੈਸਲਾ ਕੀਤਾ ਹੈ। ਹੁਣ ਜਹਾਜ਼ ਪੂਰੀ ਸਮਰੱਥਾ ਨਾਲ ਉਡਾਣ ਭਰਨਗੇ, ਜੋ ਅੱਜ ਤੋਂ ਲਾਗੂ ਹੋ ਜਾਵੇਗਾ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਅਨੁਸਾਰ ਅੱਜ ਤੋਂ ਘਰੇਲੂ ਵਪਾਰਕ ਉਡਾਣਾਂ 'ਚ ਯਾਤਰੀਆਂ ਦੀ ਸਮਰੱਥਾ 'ਤੇ ਲੱਗੀ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ।
ਇਸ ਨਾਲ ਉਡਾਣਾਂ ਪੂਰੀ ਸਮਰੱਥਾ ਨਾਲ ਚੱਲ ਸਕਣਗੀਆਂ। ਇਸ ਰਿਆਇਤ ਦੇ ਨਾਲ ਸਰਕਾਰ ਨੇ ਯਾਤਰੀਆਂ ਨੂੰ ਪੂਰੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਸਤੰਬਰ 'ਚ ਸਰਕਾਰ ਨੇ ਘਰੇਲੂ ਉਡਾਣਾਂ ਦੀ ਯਾਤਰੀ ਸਮਰੱਥਾ 72.5 ਫ਼ੀਸਦੀ ਤੋਂ ਵਧਾ ਕੇ 85 ਫ਼ੀਸਦੀ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਜੁਲਾਈ 'ਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ (ਐਮਓਸੀਏ) ਨੇ ਘਰੇਲੂ ਉਡਾਣਾਂ ਦੀ ਸਮਰੱਥਾ ਨੂੰ 50 ਫ਼ੀਸਦੀ ਤੋਂ ਵਧਾ ਕੇ 65 ਫ਼ੀਸਦੀ ਕਰ ਦਿੱਤਾ ਸੀ।
ਕੋਰੋਨਾ ਕਾਰਨ 23 ਮਾਰਚ 2020 ਤੋਂ ਅਨੁਸੂਚਿਤ ਕੌਮਾਂਤਰੀ ਉਡਾਣਾਂ 'ਤੇ ਪਾਬੰਦੀ ਲਗਾਈ ਗਈ ਸੀ, ਪਰ ਵੰਦੇ ਭਾਰਤ ਮਿਸ਼ਨ ਤਹਿਤ ਮਈ 2020 ਤੋਂ ਵਿਸ਼ੇਸ਼ ਕੌਮਾਂਤਰੀ ਉਡਾਣਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਚੁਣੇ ਹੋਏ ਦੇਸ਼ਾਂ ਦੇ ਨਾਲ 'ਦੋ ਪੱਖੀ' ਏਅਰ ਬੱਬਲ ਵਿਵਸਥਾ ਦੇ ਤਹਿਤ ਜੁਲਾਈ 2020 ਤੋਂ ਉਡਾਣਾਂ ਚਲਾਈਆਂ ਜਾ ਰਹੀਆਂ ਹਨ। ਹਾਲਾਂਕਿ ਅੱਜ ਤੋਂ 100 ਫ਼ੀਸਦੀ ਸਮਰੱਥਾ 'ਤੇ ਉਡਾਣਾਂ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ।
ਪਿਛਲੇ 24 ਘੰਟੇ 'ਚ ਕੋਰੋਨਾ ਦੀ ਸਥਿਤੀ ਕੀ ਹੈ?
ਦੇਸ਼ 'ਚ ਕੋਰੋਨਾ ਸੰਕਰਮਣ ਦੀ ਸਥਿਤੀ 'ਚ ਹੁਣ ਸੁਧਾਰ ਹੋ ਰਿਹਾ ਹੈ। ਇਕ ਹਫ਼ਤੇ 'ਚ ਦੂਜੀ ਵਾਰ ਇਕ ਦਿਨ 'ਚ 15 ਹਜ਼ਾਰ ਤੋਂ ਘੱਟ ਕੋਰੋਨਾ ਕੇਸ ਦਰਜ ਕੀਤੇ ਗਏ ਹਨ। ਸਿਹਤ ਮੰਤਰਾਲੇ ਵੱਲੋਂ ਐਤਵਾਰ ਸਵੇਰੇ ਤਾਜ਼ਾ ਅੰਕੜੇ ਜਾਰੀ ਕੀਤੇ ਗਏ। ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟੇ 'ਚ, 14,146 ਨਵੇਂ ਕੋਰੋਨਾ ਕੇਸ ਆਏ ਤੇ 144 ਕੋਰੋਨਾ ਸੰਕਰਮਿਤ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ। 19,788 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ, ਯਾਨੀ 5786 ਐਕਟਿਵ ਮਾਮਲਿਆਂ 'ਚ ਕਮੀ ਆਈ ਹੈ।
ਇਹ ਵੀ ਪੜ੍ਹੋ: ਸਰਕਾਰੀ ਮੁਲਾਜ਼ਮ ਨਹੀਂ ਲੈ ਸਕਣਗੇ ਦਹੇਜ! ਸਰਕਾਰ ਨੂੰ ਦੇਣਾ ਪਵੇਗਾ ਲਿਖਤੀ ਹਲਫ਼ਨਾਮਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/