ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਪੰਜ ਲੱਖ ਇਨਾਮੀ ਦਿੱਲੀ ਦੇ ਮੋਸਟ ਵਾਂਟਿਡ ਗੈਂਗਸਟਰ ਸੋਨੂੰ ਦਰਿਆਪੁਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ 'ਤੇ ਇੱਕ ਸਹਾਇਕ ਸਬ ਇੰਸਪੈਕਟਰ ਸਮੇਤ ਤਿੰਨ ਪੁਲਿਸ ਅਫਸਰਾਂ ਤੇ ਇੱਕ ਗੈਂਗਸਟਰ ਨੂੰ ਗੋਲੀਆਂ ਮਾਰਨ ਦਾ ਇਲਜ਼ਾਮ ਹੈ।
ਬੀਤੀ 30 ਅਪ੍ਰੈਲ ਨੂੰ ਗੈਂਗਸਟਰ ਮੋਨੂੰ ਦਰਿਆਪੁਰ ਕਿਤੇ ਜਾ ਰਿਹਾ ਸੀ। ਉਸ ਨਾਲ ਉਸ ਦੀ ਸੁਰੱਖਿਆ ਲਈ ਪੁਲਿਸ ਟੀਮ ਵੀ ਮੌਜੂਦ ਸੀ। ਦਿੱਲੀ ਦੇ ਬਾਹਰੀ ਇਲਾਕੇ ਮੀਆਂਵਾਲੀ ਨਗਰ ਵਿੱਚ ਸੋਨੂੰ ਦਰਿਆਪੁਰ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਮੋਨੂੰ ਦਰਿਆਪੁਰ ਤੇ ਉਸ ਦੇ ਸੁਰੱਖਿਆ ਦਸਤੇ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਸੀ>
ਦੱਸਣਾ ਬਣਦਾ ਹੈ ਕਿ ਮੋਨੂੰ ਦਰਿਆਪੁਰ, ਸੋਨੂੰ ਦਰਿਆਪੁਰ ਦੇ ਗੈਂਗ ਦਾ ਹੀ ਹਿੱਸਾ ਰਿਹਾ ਸੀ। ਮੋਨੂੰ ਨੇ ਸੋਨੂੰ ਦੀ ਭੈਣ ਨਾਲ ਵਿਆਹ ਕਰ ਲਿਆ ਸੀ। ਇਸ ਲਈ ਸੋਨੂੰ ਉਸ ਦੀ ਜਾਨ ਦਾ ਵੈਰੀ ਬਣ ਗਿਆ। ਸੋਨੂੰ ਨੇ ਆਪਣੇ ਸਾਥੀਆਂ ਸਮੇਤ 2006 ਵਿੱਚ ਮੋਨੂੰ ਤੇ ਉਸ ਦੀ ਪਤਨੀ 'ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਪਰ ਇਸ ਵਿੱਚ ਮੋਨੂੰ ਦਾ ਕਾਰ ਚਾਲਕ ਮਰ ਗਿਆ ਤੇ ਦੋ ਹੋਰ ਜ਼ਖ਼ਮੀ ਹੋ ਗਏ।
ਇਸ ਘਟਨਾ ਤੋਂ ਬਾਅਦ ਦਿੱਲੀ ਪੁਲਿਸ ਨੇ ਉਸ ਨੂੰ ਸੁਰੱਖਿਆ ਦਿੱਤੀ ਹੋਈ ਸੀ ਪਰ ਬੀਤੀ 30 ਅਪ੍ਰੈਲ ਨੂੰ ਸੋਨੂੰ ਨੇ ਮੋਨੂੰ 'ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਮੋਨੂੰ ਦਰਿਆਪੁਰ ਸਮੇਤ ਦਿੱਲੀ ਪੁਲਿਸ ਦੇ ਏ.ਐਸ.ਆਈ. ਵਿਜੇ ਕੁਮਾਰ ਤੇ ਸਿਪਾਹੀ ਕੁਲਦੀਪ, ਅਰੁਨ ਤੇ ਯੋਗੇਸ਼ ਦੀ ਮੌਤ ਹੋ ਗਈ ਸੀ।