ਚੰਡੀਗੜ੍ਹ: ਬਲਾਤਕਾਰੀ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਬਾਬੇ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਦੀ ਭਾਲ ਵਿੱਚ ਪੁਲਿਸ ਜੁਟੀ ਹੋਈ ਹੈ। ਇਸ ਗੱਲ ਦੇ ਸ਼ੱਕ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਨੂੰ ਹਨੀਪ੍ਰੀਤ ਬਾਰੇ ਪਤਾ ਹੋਵੇ। ਜਾਂ ਫਿਰ ਸ਼ਾਇਦ ਉਸੇ ਨੇ ਹੀ ਉਸਨੂੰ ਭਜਾਇਆ ਹੋਵੇ।ਇਸ ਮਾਮਲੇ ਵਿੱਚ ਪੁਲਿਸ ਵਿਪਾਸਨਾ ਇੰਸਾ ਤੋਂ ਪੁੱਛ ਗਿੱਛ ਕਰੇਗੀ।
ਇਸ ਦੇ ਨਾਲ ਸਭ ਤੋਂ ਵੱਡੀ ਗੱਲ ਇਹ ਕਿ ਹਨੀਪ੍ਰੀਤ ਜਦੋਂ ਰਾਮ ਰਹੀਮ ਨੂੰ ਜੇਲ 'ਚ ਛੱਡ ਕੇ ਬਾਹਰ ਆਈ ਸੀ ਤਾਂ ਵਿਪਾਸਨਾ ਨੇ ਹੀ ਹਨੀਪ੍ਰੀਤ ਨੂੰ ਗੱਡੀ ਭੇਜੀ ਸੀ। ਵਿਪਾਸਨਾ ਡੇਰੇ ਦੇ ਵੱਡੀ ਰਾਜ਼ਦਾਰ ਵੀ ਹੈ। ਡੇਰੇ ਦੇ ਸਾਰੇ ਕੰਮ ਵਿਪਾਸਨਾ ਦੀ ਦੇਖਰੇਖ 'ਚ ਹੁੰਦੇ ਸਨ। ਸੋ ਇਸ ਗੱਲ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਵਿਪਾਸਨਾ ਨੂੰ ਹਨੀਪ੍ਰੀਤ ਦੇ ਬਾਰੇ ਸਭ ਕੁਝ ਪਤਾ ਹੋਵੇ।
ਰਾਮ ਰਹੀਮ ਦੀ ਸੰਭਾਵਿਤ ਉਤਰਾਧਿਕਾਰੀਆਂ 'ਚ ਵਿਪਾਸਨਾ ਵੀ ਸ਼ਾਮਲ ਹੈ। ਵਿਪਾਸਨਾ ਰਾਮ ਰਹੀਮ ਦੇ ਖਾਸ ਮੈਂਬਰਾਂ 'ਚ ਸ਼ਾਮਲ ਸੀ ਅਤੇ ਦਫਤਰ ਦੇ ਸਾਰੇ ਕੰਮ ਉਸ ਦੇ ਅਧੀਨ ਹੀ ਹੁੰਦੇ ਸਨ। ਹਰਿਆਣੇ ਦੇ ਡੀ.ਜੀ.ਪੀ. ਬੀ.ਐਸ.ਸੰਧੂ ਨੇ ਅੱਜ ਇਥੇ ਕਿਹਾ ਕਿ 'ਸਿਰਸਾ ਪੁਲਸ ਜਲਦੀ ਹੀ ਵਿਪਾਸਨਾ ਇੰਸਾ ਨੂੰ ਜਾਂਚ 'ਚ ਸ਼ਾਮਲ ਹੋਣ ਲਈ ਕਹੇਗੀ।' ਪੁਲਸ ਵਲੋਂ ਦੇਰ ਹੋਣ 'ਤੇ ਵਿਪਾਸਨਾ ਵੀ ਅੰਡਰਗਰਾਊਂਡ ਹੋ ਸਕਦੀ ਹੈ। ਸੋ ਡੇਰੇ ਦੇ ਰਾਜ਼ਾ ਤੋਂ ਪੜਦਾ ਚੁੱਕਣ ਲਈ ਵਿਪਾਸਨਾ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਜ਼ਰੂਰੀ ਹੈ।