ਸਿਰਸਾ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਪਰਿਵਾਰਕ ਮੈਂਬਰ ਵਿਦੇਸ਼ ਜਾਣ ਲੱਗੇ ਹਨ। ਅੱਜ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਛੋਟੀ ਬੇਟੀ ਆਪਣੇ ਪਰਿਵਾਰ ਨਾਲ ਵਿਦੇਸ਼ ਲਈ ਰਵਾਨਾ ਹੋ ਗਈ ਹੈ। ਰਾਮ ਰਹੀਮ ਕਤਲ ਤੇ ਬਲਾਤਕਾਰ ਮਾਮਲੇ ਵਿੱਚ ਜੇਲ੍ਹ ਦੀ ਸਜ਼ਾ ਭੁਗਤ ਰਿਹਾ ਹੈ। ਇਸ ਮਗਰੋਂ ਡੇਰੇ ਦੀ ਗੱਦੀ ਨੂੰ ਲੈ ਕੇ ਵਿਵਾਦ ਦੀਆਂ ਖਬਰਾਂ ਵੀ ਆਈਆਂ ਸੀ।
ਹਾਸਲ ਜਾਣਕਾਰੀ ਮੁਤਾਬਕ ਪਰਿਵਾਰ ਵਾਲਿਆਂ ਨੇ ਡੇਰਾ ਮੁਖੀ ਤੋਂ ਬੱਚਿਆਂ ਦੀ ਪੜ੍ਹਾਈ ਲਈ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਸੀ। ਇਸ 'ਤੇ ਰਾਮ ਰਹੀਮ ਨੇ ਪਰਿਵਾਰ ਵਾਲਿਆਂ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ। ਅੱਜ ਰਾਮ ਰਹੀਮ ਦੀ ਛੋਟੀ ਬੇਟੀ ਆਪਣੇ ਪਰਿਵਾਰ ਸਮੇਤ ਡੇਰਾ ਛੱਡ ਕੇ ਵਿਦੇਸ਼ ਰਵਾਨਾ ਹੋ ਗਈ ਹੈ। ਇਸ ਬਾਰੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦੂਜੇ ਪਾਸੇ ਡੇਰੇ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ।
ਰਾਮ ਰਹੀਮ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 2017 ਵਿੱਚ ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਮਾਮਲੇ 'ਚ ਸਜ਼ਾ ਸੁਣਾਈ ਸੀ। ਪੰਚਕੂਲਾ 'ਚ ਹਿੰਸਾ ਤੋਂ ਬਾਅਦ ਰਾਮ ਰਹੀਮ ਨੂੰ ਹੈਲੀਕਾਪਟਰ ਰਾਹੀਂ ਸੁਨਾਰੀਆ ਜੇਲ੍ਹ ਭੇਜਿਆ ਗਿਆ ਸੀ। ਉਦੋਂ ਤੋਂ ਉਹ ਜੇਲ੍ਹ 'ਚ ਹੈ। ਅਗਸਤ ਗੁਰਮੀਤ ਰਾਮ ਰਹੀਮ ਨੂੰ ਸਾਬਕਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਸੀ।
ਦਰਅਸਲ ਪਿੱਛੇ ਜਿਹੇ ਚਰਚਾ ਛਿੜੀ ਸੀ ਕਿ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਡੇਰੇ ਦੀ ਗੱਦੀ 'ਤੇ ਬੈਠਣ ਜਾ ਰਹੀ ਹੈ। ਉਂਝ ਇਸ ਦੇ ਜਵਾਬ 'ਚ ਹਨੀਪ੍ਰੀਤ ਨੇ ਸਪਸ਼ਟ ਕੀਤਾ ਸੀ ਕਿ, 'ਗੱਦੀ 'ਤੇ ਸਿਰਫ਼ ਪਾਪਾ ਜੀ (ਰਾਮ ਰਹੀਮ) ਹੀ ਬਿਰਾਜਮਾਨ ਸਨ ਤੇ ਉਹ ਬੈਠੇ ਰਹਿਣਗੇ। ਹਨੀਪ੍ਰੀਤ ਨੇ ਅੱਗੇ ਕਿਹਾ ਕਿ ਪਾਪਾ ਜੀ ਨੇ ਵੀ ਆਪਣੇ ਪੱਤਰ ਵਿੱਚ ਲਿਖਿਆ ਸੀ ਕਿ ਉਹ ਗੁਰੂ ਹਨ ਤੇ ਗੁਰੂ ਹੀ ਰਹਿਣਗੇ।