DGCA New Guidelines: ਭਾਰਤ ਦੇ ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (DGCA) ਨੇ ਦੇਸ਼ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੀਆਂ ਏਅਰਲਾਈਨਾਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਹੁਣ ਤੋਂ, ਰੱਖਿਆ ਹਵਾਈ ਅੱਡਿਆਂ ਤੋਂ ਉਡਾਣ ਭਰਨ ਜਾਂ ਉਤਰਨ ਵਾਲੇ ਸਾਰੇ ਜਹਾਜ਼ਾਂ ਲਈ ਵਿਸ਼ੇਸ਼ ਨਿਯਮ ਲਾਗੂ ਹੋਣਗੇ। ਇਹ ਨਿਯਮ ਖਾਸ ਕਰਕੇ ਭਾਰਤ ਦੀ ਪੱਛਮੀ ਸਰਹੱਦ ਦੇ ਨੇੜੇ ਸਥਿਤ ਰੱਖਿਆ ਹਵਾਈ ਅੱਡਿਆਂ 'ਤੇ ਸਖ਼ਤੀ ਨਾਲ ਲਾਗੂ ਕੀਤੇ ਜਾਣਗੇ।

ਡੀਜੀਸੀਏ ਨੇ ਨਿਰਦੇਸ਼ ਦਿੱਤਾ ਹੈ ਕਿ ਟੇਕਆਫ ਅਤੇ ਲੈਂਡਿੰਗ ਦੌਰਾਨ ਸਾਰੇ ਯਾਤਰੀਆਂ ਦੀਆਂ ਖਿੜਕੀਆਂ ਦੇ ਪਰਦੇ ਹੇਠਾਂ ਰੱਖੇ ਜਾਣ। ਇਹ ਨਿਯਮ ਉਦੋਂ ਤੱਕ ਲਾਗੂ ਰਹੇਗਾ ਜਦੋਂ ਤੱਕ ਜਹਾਜ਼ ਉਡਾਣ ਦੌਰਾਨ 10,000 ਫੁੱਟ ਦੀ ਉਚਾਈ ਨੂੰ ਪਾਰ ਨਹੀਂ ਕਰਦਾ ਅਤੇ ਲੈਂਡਿੰਗ ਦੇ ਸਮੇਂ ਜਦੋਂ ਜਹਾਜ਼ 10,000 ਫੁੱਟ ਤੋਂ ਹੇਠਾਂ ਆ ਜਾਂਦਾ ਹੈ ਤੇ ਟਰਮੀਨਲ 'ਤੇ ਖੜ੍ਹਾ ਹੁੰਦਾ ਹੈ। ਹਾਲਾਂਕਿ, ਇਹ ਨਿਯਮ ਐਮਰਜੈਂਸੀ ਵਿੰਡੋਜ਼ 'ਤੇ ਲਾਗੂ ਨਹੀਂ ਹੋਵੇਗਾ।

ਡੀਜੀਸੀਏ ਦੇ ਅਨੁਸਾਰ, ਯਾਤਰਾ ਦੌਰਾਨ ਕਿਸੇ ਵੀ ਸਮੇਂ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਦੀ ਸਖ਼ਤ ਮਨਾਹੀ ਹੋਵੇਗੀ, ਭਾਵੇਂ ਯਾਤਰੀ ਟਰਮੀਨਲ ਵਿੱਚ ਹੋਵੇ, ਵਾਹਨ ਵਿੱਚ ਹੋਵੇ, ਜਹਾਜ਼ ਵਿੱਚ ਹੋਵੇ ਜਾਂ ਰਨਵੇਅ 'ਤੇ ਹੋਵੇ। ਇਹ ਪਾਬੰਦੀ ਟੇਕਆਫ, ਟੈਕਸੀ, ਪੁਸ਼ਬੈਕ, ਲੈਂਡਿੰਗ ਅਤੇ 10,000 ਫੁੱਟ ਤੋਂ ਹੇਠਾਂ ਉਡਾਣ ਭਰਨ ਦੌਰਾਨ ਵੀ ਲਾਗੂ ਹੋਵੇਗੀ। ਇਸ ਨਿਯਮ ਦੀ ਉਲੰਘਣਾ ਕਰਨ 'ਤੇ ਯਾਤਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਕੁੱਲ ਮਿਲਾ ਕੇ, ਏਅਰਲਾਈਨਾਂ ਨੂੰ ਹੁਣ ਆਪਣੀਆਂ ਰੁਟੀਨ ਪ੍ਰਕਿਰਿਆਵਾਂ ਬਦਲਣੀਆਂ ਪੈਣਗੀਆਂ। 

ਫਲਾਈਟ ਅਤੇ ਕੈਬਿਨ ਕਰੂ ਨੂੰ ਉਡਾਣ ਭਰਨ ਤੋਂ ਪਹਿਲਾਂ, ਕੈਬਿਨ ਨੂੰ ਸੁਰੱਖਿਅਤ ਕਰਨ ਤੋਂ ਪਹਿਲਾਂ ਅਤੇ ਲੈਂਡਿੰਗ ਤੋਂ ਪਹਿਲਾਂ ਐਲਾਨ ਕਰਨਾ ਲਾਜ਼ਮੀ ਹੋਵੇਗਾ, ਜਿਸ ਵਿੱਚ ਸਾਰੇ ਯਾਤਰੀਆਂ ਨੂੰ ਆਪਣੀਆਂ ਖਿੜਕੀਆਂ ਦੇ ਪਰਦੇ ਹੇਠਾਂ ਕਰਨ ਅਤੇ ਫੋਟੋਗ੍ਰਾਫੀ/ਵੀਡੀਓਗ੍ਰਾਫੀ ਤੋਂ ਬਚਣ ਲਈ ਕਿਹਾ ਜਾਵੇਗਾ।

DGCA ਨੇ ਸਾਰੀਆਂ ਏਅਰਲਾਈਨਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਆਪਣੇ ਗਰਾਊਂਡ ਸਟਾਫ ਅਤੇ ਕੈਬਿਨ ਕਰੂ ਨੂੰ ਵਿਸ਼ੇਸ਼ ਸਿਖਲਾਈ ਦੇਣ ਤਾਂ ਜੋ ਉਹ ਇਨ੍ਹਾਂ ਸੁਰੱਖਿਆ ਮਾਪਦੰਡਾਂ ਦੀ ਪੂਰੀ ਤਰ੍ਹਾਂ ਪਾਲਣਾ ਕਰ ਸਕਣ। ਯਾਤਰੀਆਂ ਨੂੰ ਇਸ ਬਾਰੇ ਬੋਰਡਿੰਗ ਗੇਟ 'ਤੇ ਟਰਮੀਨਲ ਵਿੱਚ ਤੇ ਜਹਾਜ਼ ਦੇ ਅੰਦਰ ਸੂਚਨਾ ਬੋਰਡਾਂ ਅਤੇ ਸਕ੍ਰੀਨਾਂ ਰਾਹੀਂ ਵੀ ਸੂਚਿਤ ਕੀਤਾ ਜਾਵੇਗਾ।

ਸਰਕਾਰ ਅਤੇ ਡੀਜੀਸੀਏ ਨੇ ਸਾਰੇ ਯਾਤਰੀਆਂ ਨੂੰ ਇਨ੍ਹਾਂ ਨਿਯਮਾਂ ਨੂੰ ਗੰਭੀਰਤਾ ਨਾਲ ਲੈਣ ਅਤੇ ਪੂਰਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਇਹ ਨਿਯਮ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸੰਵੇਦਨਸ਼ੀਲ ਫੌਜੀ ਖੇਤਰਾਂ ਨਾਲ ਸਬੰਧਤ ਜਾਣਕਾਰੀ ਦੇ ਅਣਜਾਣੇ ਵਿੱਚ ਲੀਕ ਹੋਣ ਨੂੰ ਰੋਕਣ ਲਈ ਬਣਾਏ ਗਏ ਹਨ।