ਨਵੀਂ ਦਿੱਲੀ: ਵਿਸ਼ਵ ਕੱਪ ਖ਼ਤਮ ਹੁੰਦਿਆਂ ਹੀ ਆਈਸੀਸੀ ਤੋਂ ਲੈ ਕੇ ਦਿੱਗਜ ਕ੍ਰਿਕੇਟਰ ਆਪਣੀ ਪਲੇਇੰਗ ਇਲੈਵਨ ਦੀ ਲਿਸਟ ਜਾਰੀ ਕਰ ਰਹੇ ਹਨ। ਇਨ੍ਹਾਂ ਵਿੱਚ ਉਨ੍ਹਾਂ ਖਿਡਾਰੀਆਂ ਨੂੰ ਥਾਂ ਮਿਲ ਰਹੀ ਹੈ ਜਿਨ੍ਹਾਂ ਬਿਹਤਰੀਨ ਪ੍ਰਦਰਸ਼ਨ ਕਰਕੇ ਆਪਣੀਆਂ ਟੀਮਾਂ ਨੂੰ ਜਿੱਤ ਦਿਵਾਈ। ਕ੍ਰਿਕੇਟਰ ਸਚਿਨ ਤੇਂਦੁਲਕਰ ਨੇ ਵੀ ਹਾਲ ਹੀ 'ਚ ਖ਼ਤਮ ਹੋਏ ਵਿਸ਼ਵ ਕੱਪ 2019 ਦੇ ਸਰਵੋਤਮ 11 ਖਿਡਾਰੀ ਚੁਣੇ ਹਨ। ਖ਼ਾਸ ਗੱਲ ਇਹ ਹੈ ਕਿ ਇਸ ਟੀਮ ਵਿੱਚ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਨੂੰ ਸ਼ਾਮਲ ਨਹੀਂ ਕੀਤਾ ਗਿਆ।

ਤੇਂਦੁਲਕਰ ਨੇ ਆਪਣੀ ਟੀਮ ਦੀ ਕਮਾਨ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਨੂੰ ਸੌਂਪੀ ਹੈ। ਉਨ੍ਹਾਂ ਨੇ ਆਪਣੀ ਟੀਮ ਵਿੱਚ ਪੰਜ ਭਾਰਤੀ ਖਿਡਾਰੀ ਲਏ ਹਨ। ਇਨ੍ਹਾਂ ਵਿੱਚ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ ਤੇ ਜਸਪ੍ਰੀਤ ਬੁਮਰਾਹ ਸ਼ਾਮਲ ਹਨ, ਪਰ ਇਨ੍ਹਾਂ ਵਿੱਚ ਵਿਕਟ ਕੀਪਰ -ਬੱਲੇਬਾਜ਼ ਮਹੇਂਦਰ ਸਿੰਘ ਧੋਨੀ ਸ਼ਾਮਲ ਨਹੀਂ।

ਰੋਹਿਤ ਤੇ ਜੌਨੀ ਬੇਅਰਸਟੋ ਦੋ ਸਲਾਮੀ ਬੱਲੇਬਾਜ਼ ਹੋਣਗੇ ਜਦਕਿ ਤੀਜੇ ਨੰਬਰ 'ਤੇ ਵਿਲੀਅਮਸਨ ਬੱਲੇਬਾਜ਼ੀ ਕਰੇਗਾ। ਭਾਰਤੀ ਕਪਤਾਨ ਕੋਹਲੀ ਚੌਥੇ ਨੰਬਰ ਦਾ ਬੱਲੇਬਾਜ਼ ਚੁਣਿਆ ਗਿਆ ਹੈ। ਉਸ ਤੋਂ ਬਾਅਦ ਸ਼ਾਕਿਬ ਅਲ-ਹਨ, ਬੈਨ ਸਟੋਕਸ, ਪਾਂਡਿਆ ਤੇ ਜਡੇਜਾ ਦਾ ਨੰਬਰ ਹੈ। ਤੇਂਦੁਲਕਰ ਨੇ ਮਿਸ਼ੇਲ ਸਟਾਰਕ, ਜੋਫਰਾ ਆਰਚਰ ਤੇ ਬੁਮਰਾਹ ਨੂੰ ਆਪਣੇ ਤਿੰਨ ਤੇਜ਼ ਗੇਂਦਬਾਜ਼ਾਂ ਵਜੋਂ ਚੁਣਿਆ ਹੈ। ਦੱਸ ਦੇਈਏ ਸਚਿਨ ਨੇ ਕਈ ਮੌਕਿਆਂ 'ਤੇ ਧੋਨੀ ਦੀ ਅਲੋਚਨਾ ਵੀ ਕੀਤੀ ਸੀ।