ਫ਼ਰੀਦਕੋਟ: ਪੰਜਾਬ ਦੇ ਪਾਣੀਆਂ ਦੇ ਮੁੱਦੇ 'ਤੇ ਲੋਕ ਇਨਸਾਫ ਪਾਰਟੀ ਵੱਲੋਂ 'ਸਾਡਾ ਪਾਣੀ ਸਾਡਾ ਹੱਕ' ਜਨ ਅਦੋਲਨ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅੱਜ ਫਰੀਦਕੋਟ ਪਹੁੰਚੇ। ਇਸ ਦੌਰਾਨ ਉਨ੍ਹਾਂ ਪਾਣੀਆਂ ਦੇ ਮੁੱਦੇ 'ਤੇ ਸਰਕਾਰ ਨੂੰ ਆੜੇ ਹੱਥੀਂ ਲਿਆ। ਜਿੱਥੇ ਉਨ੍ਹਾਂ ਪੰਜਾਬ ਦੇ ਦਰਿਆਈ ਪਾਣੀ ਲੁੱਟੇ ਜਾਣ ਦੀ ਗੱਲ ਕੀਤੀ, ਉੱਥੇ ਉਨ੍ਹਾਂ ਰਾਜਸਥਾਨ ਨੂੰ ਜਾਂਦੇ ਨਹਿਰੀ ਪਾਣੀ ਦੀ ਕੀਮਤ ਵਸੂਲਣ ਲਈ ਵੀ ਪੰਜਾਬ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ ਕੋਲ ਪਟੀਸ਼ਨ ਦਾਖ਼ਲ ਕਰਨ ਦੀ ਗੱਲ ਕਹੀ।


ਇਸੇ ਅੰਦੋਲਨ ਤਹਿਤ ਫਰੀਦਕੋਟ ਪਹੁੰਚੇ ਬੈਂਸ ਨੇ ਪਾਰਟੀ ਵਰਕਰਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਕੁਦਰਤ ਨੇ ਜਿਸ ਵੀ ਸੂਬੇ ਨੂੰ ਜੋ ਖਣਿਜ ਦਿੱਤਾ ਹੈ ਜਾਂ ਜੋ ਸੰਪਤੀ ਦਿੱਤੀ ਹੈ, ਉਹ ਉਸ ਨੂੰ ਬਾਕੀ ਸੂਬਿਆਂ ਨੂੰ ਮੁਫ਼ਤ ਨਹੀਂ ਦਿੰਦੇ, ਪਰ ਇਕੱਲਾ ਪੰਜਾਬ ਹੀ ਹੈ ਜਿਸ ਦੇ ਦਰਿਆਈ ਪਾਣੀਆਂ ਨੂੰ ਮੁਫਤ ਵਿੱਚ ਗੁਆਂਢੀ ਰਾਜਾਂ ਨੂੰ ਦਿੱਤਾ ਜਾ ਰਿਹਾ ਹੈ।

ਬੈਂਸ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਟਿਊਬਵੈਲਾਂ ਰਾਹੀਂ ਧਰਤੀ ਹੇਠਲਾ ਪਾਣੀ ਵਰਤਣ ਲਈ ਮਜਬੂਰ ਹਨ, ਜਿਸ ਕਾਰਨ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਦਾ ਜਾ ਰਿਹਾ ਹੈ। ਪੰਜਾਬ ਮਾਰੂਥਲ ਬਣਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਪੰਜਾਬ ਨੂੰ ਕੰਗਾਲੀ ਦੇ ਦੌਰ ਵਿੱਚੋਂ ਕੱਢਣ, ਪੰਜਾਬ ਦੇ ਹੱਕਾਂ ਦੀ ਪਹਿਰੀਦਾਰੀ ਕਰਨ ਤੇ ਪੰਜਾਬ ਨੂੰ ਬੰਜਰ ਹੋਣ ਤੋਂ ਬਚਾਉਣ ਲਈ ‘ਸਾਡਾ ਪਾਣੀ ਸਾਡਾ ਹੱਕ’ ਜਨ ਅੰਦੋਲਨ ਕਰ ਰਹੀ ਹੈ।

ਇਸ ਅੰਦੋਲਨ ਦੇ ਤਹਿਤ ਦੋ ਮਹੀਨਿਆਂ ਅੰਦਰ 21 ਲੱਖ ਲੋਕਾਂ ਦੇ ਦਸਤਖਤਾਂ ਵਾਲੀ ਪਟੀਸ਼ਨ ਪੰਜਾਬ ਵਿਧਾਨ ਸਭਾ ਪਟੀਸ਼ਨ ਕਮੇਟੀ ਕੋਲ ਦਾਇਰ ਕੀਤੀ ਜਾਏਗੀ। ਰਾਜਸਥਾਨ ਨੂੰ ਮੁਫਤ ਵਿੱਚ ਦਿੱਤੇ ਜਾ ਰਹੀ ਪਾਣੀ ਦੀ ਹੁਣ ਤੱਕ ਦੀ ਬਣਦੀ ਕੀਮਤ ਕਰੀਬ, ਜੋ ਕਰੀਬ 16 ਲੱਖ ਕਰੋੜ ਰੁਪਏ ਬਣਦੀ ਹੈ, ਵਸੂਲਣ ਲਈ ਲੜਾਈ ਲੜੀ ਜਾਏਗੀ।