ਨਵੀਂ ਦਿੱਲੀ: ਸਾਉਣ ਦਾ ਮਹੀਨਾ ਚੱਲ ਰਿਹਾ ਹੈ ਤੇ ਪੂਰਾ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਗਲੀ ਮੁਹੱਲਿਆਂ ਤੋਂ ਲੈ ਕੇ ਹਾਈਵੇ ਤਕ ਕਾਵੜੀਆਂ ਦੀ ਭੀੜ ਹੈ। ਦੂਜੇ ਪਾਸੇ ਮੰਦਰਾਂ ਵਿੱਚ ਵੀ ਲੰਮੀਆਂ-ਲੰਮੀਆਂ ਕਤਾਰਾਂ ਨਜ਼ਰ ਆ ਰਹੀਆਂ ਹਨ। ਥਾਂ-ਥਾਂ ਸ਼ਿਵ ਤੇ ਨੰਦੀ ਦੀਆਂ ਮੂਰਤੀਆਂ 'ਤੇ ਫੁੱਲ, ਫਲ ਤੇ ਪ੍ਰਸ਼ਾਦ ਚੜ੍ਹਾਏ ਜਾ ਰਹੇ ਹਨ। ਮੂਰਤੀਆਂ ਨੂੰ ਦੁੱਧ ਦਾ ਇਸ਼ਨਾਨ ਕਰਾਇਆ ਜਾ ਰਿਹਾ ਹੈ। ਪਰ ਕਈ ਥਾਈਂ ਮੂਰਤੀਆਂ ਦੇ ਦੁੱਧ ਪੀਣ ਦੀਆਂ ਅਫ਼ਵਾਹਾਂ ਵੀ ਫੈਲ ਰਹੀਆਂ ਹਨ।
ਕਲਪਨਾ ਵਿੱਚ ਹੀ ਹੋ ਸਕਦਾ ਹੈ ਕਿ ਭਗਵਾਨ ਦੀ ਮੂਰਤੀ ਨੂੰ ਭੋਗ ਲਾਈਏ ਤੇ ਭਗਵਾਨ ਪੂਰਾ ਭੋਗ ਖਾ ਜਾਏ। ਪਰ ਸੋਸ਼ਲ ਮੀਡੀਆ ਕਲਪਨਾਵਾਂ ਨੂੰ ਹਕੀਕਤ ਬਣਾ ਕੇ ਪੇਸ਼ ਕਰਦਾ ਹੈ। ਕਈ ਵਾਇਰਲ ਵੀਡੀਓ ਵਿੱਚ ਭਗਵਾਨ ਦੀ ਮੂਰਤੀ ਨੂੰ ਚਮਚ ਨਾਲ ਦੁੱਧ ਪਿਆਉਂਦੇ ਦਿਖਾਇਆ ਜਾ ਰਿਹਾ ਹੈ। ਪਰ ਸਵਾਲ ਇਹ ਹੈ ਕਿ ਇਹ ਹੋਇਆ ਕਿਵੇਂ? ਜੇ ਮੂਰਤੀ ਦੁੱਧ ਨਹੀਂ ਪੀ ਰਹੀ ਤਾਂ ਦੁੱਧ ਕਿੱਥੇ ਜਾ ਰਿਹਾ ਹੈ?
ਬਿਹਾਰ ਤੇ ਯੂਪੀ ਵਿੱਚ ਸ਼ਿਵਜੀ ਤੇ ਨੰਦੀ ਦੀ ਮੂਰਤੀ ਦੇ ਦੁੱਧ ਪੀਣ ਦੀਆਂ ਅਫ਼ਵਾਹਾਂ ਫੈਲ ਗਈਆਂ ਜਿਸ ਮਗਰੋਂ ਮੰਦਰ ਵਿੱਚ ਲੋਕਾਂ ਦੀ ਭੀੜ ਇਕੱਠੀ ਹੋਣ ਲੱਗੀ। ਭੀੜ ਜ਼ਿਆਦਾ ਹੋਣ ਕਰਕੇ ਪੁਲਿਸ ਬੁਲਾਈ ਗਈ। ਸੂਚਨਾ ਮਿਲਣ 'ਤੇ ਪੁਲਿਸ ਭੀੜ ਨੂੰ ਕਾਬੂ ਕਰਨ ਲਈ ਪਹੁੰਚੀ।
ਮੰਦਰ ਦੇ ਪੁਜਾਰੀ ਨੇ ਕਿਹਾ ਕਿ ਅਚਾਨਕ ਸ਼ਨੀਵਾਰ ਦੇਰ ਸ਼ਾਮ ਅਫ਼ਵਾਹ ਫੈਲੀ ਕਿ ਸ਼ਿਵ ਮੰਦਰ ਵਿੱਚ ਸਥਿਤ ਭਗਵਾਨ ਸ਼ਿਵ ਤੇ ਨੰਦੀ ਦੀ ਮੂਰਤੀ ਦੁੱਧ ਪੀ ਰਹੀ ਹੈ। ਇਸ ਮਗਰੋਂ ਹਜ਼ਾਰਾਂ ਭਗਤ ਮੰਦਰ ਆ ਕੇ ਮੂਰਤੀਆਂ ਨੂੰ ਦੁੱਧ ਪਿਆਉਣ ਦੀ ਕੋਸ਼ਿਸ਼ ਕਰਨ ਲੱਗੇ। ਬਿਹਾਰ ਦੇ ਇਲਾਵਾ ਗਾਜੀਪੁਰ ਵਿੱਚ ਵੀ ਕਈ ਮੰਦਰਾਂ ਵਿੱਚ ਇਹੀ ਨਜ਼ਾਰਾ ਵੇਖਣ ਨੂੰ ਮਿਲਿਆ।
ਇਸ ਬਾਰੇ ਲਖਨਊ ਯਨੀਵਰਸਿਟੀ ਵਿੱਚ ਫਿਜ਼ਿਕਸ ਦੇ ਪ੍ਰੋਫੈਸਰ ਡਾ. ਐਨਕੇ ਪਾਂਡੇ ਨੇ ਦੱਸਿਆ ਕਿ ਇਹ ਸਰਫੇਸ ਟੈਂਸ਼ਨ ਦੀ ਵਜ੍ਹਾ ਕਰਕੇ ਹੋ ਰਿਹਾ ਹੈ। ਮੂਰਤੀ ਵਿੱਚ ਪੋਰਸ (ਮੁਸਾਮ) ਹੁੰਦੇ ਹਨ, ਜਿਸ ਨਾਲ ਤਰਲ ਪਦਾਰਥ ਮੂਰਤੀ ਦੇ ਅੰਦਰ ਖਿੱਚਿਆ ਜਾਂਦਾ ਹੈ। ਮੂਰਤੀਆਂ ਦੇ ਦੁੱਧ ਪੀਣ ਪਿੱਛੇ ਹੋਰ ਕੋਈ ਵਜ੍ਹਾ ਨਹੀਂ। ਮੂਰਤੀ ਇੱਕ ਹੱਦ ਤਕ ਤਰਲ ਸੋਕਦੀ ਹੈ। ਕਈ ਥਾਈਂ ਛਲਾਵਾ ਵੀ ਹੁੰਦਾ ਹੈ, ਜਿੱਥੇ ਤਰਲ ਦੀ ਨਿਕਾਸੀ ਦਾ ਕੋਈ ਮਾਰਗ ਬਣਾ ਦਿੱਤਾ ਜਾਂਦਾ ਹੈ।