ਅਹਿਮਦਾਬਾਦ: ਭਾਰਤੀ ਜਨਤਾ ਪਾਰਟੀ ਸਾਹਮਣੇ ਉਸ ਸਮੇਂ ਸਥਿਤੀ ਬੇਹੱਦ ਮੁਸ਼ਕਲ ਬਣ ਗਈ ਜਦ ਖੁਲਾਸਾ ਹੋਇਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਨਾਲ-ਨਾਲ ਬਲਾਤਕਾਰ ਦੇ ਕੇਸਾਂ ਵਿੱਚ ਸਜ਼ਾਯਾਫ਼ਤਾ ਅਖੌਤੀ ਧਰਮ ਗੁਰੂਆਂ ਆਸਾਰਾਮ ਤੇ ਰਾਮ ਰਹੀਮ ਨੇ ਉਨ੍ਹਾਂ ਦੀ ਪਾਰਟੀ ਦੀ ਮੈਂਬਰਸ਼ਿਪ ਹਾਸਲ ਕਰ ਲਈ ਹੈ। ਪਤਾ ਲੱਗਣ 'ਤੇ ਮਾਮਲਾ ਪੁਲਿਸ ਕੋਲ ਪਹੁੰਚ ਗਿਆ। ਇਹ ਸਭ ਕਮਾਲ ਭਾਜਪਾ ਵੱਲੋਂ ਇੰਟਰਨੈੱਟ ਰਾਹੀਂ ਸ਼ੁਰੂ ਕੀਤੀ ਮੈਂਬਰਸ਼ਿਪ ਮੁਹਿੰਮ ਦਾ ਹੈ।



ਗੁਜਰਾਤ ਦੇ ਅਹਿਮਦਾਬਾਦ ਤੋਂ ਭਾਜਪਾ ਆਗੂ ਮਹੇਸ਼ ਪਟੇਲ ਨੇ ਸਾਈਬਰ ਪੁਲਿਸ ਥਾਣੇ 'ਚ ਸ਼ਿਕਾਇਤ ਦਿੱਤੀ ਹੈ ਕਿ ਗ਼ੁਲਾਮ ਫ਼ਰੀਦ ਸ਼ੇਖ ਨਾਂ ਦੇ ਨੌਜਵਾਨ ਨੇ ਭਾਜਪਾ ਮੈਂਬਰਸ਼ਿਪ ਆਨਲਾਈਨ ਪ੍ਰਕਿਰਿਆ ਰਾਹੀਂ ਉਕਤ ਤਿੰਨੇ ਵਿਅਕਤੀਆਂ ਦੇ ਨਾਂ ਤੇ ਤਸਵੀਰਾਂ ਨਾਲ ਮੈਂਬਰਸ਼ਿਪ ਈ-ਕਾਰਡ ਜਾਰੀ ਕਰਵਾਏ ਹਨ।



ਇਨ੍ਹਾਂ ਮੈਂਬਰਸ਼ਿਪ ਕਾਰਡਾਂ ਨੂੰ ਸ਼ਾਹਪੁਰ ਸ਼ਾਂਤੀ ਏਕਤਾ ਕਮੇਟੀ ਨਾਂ ਦੇ ਵ੍ਹਟਸਐਪ ਗਰੁੱਪ ਰਾਹੀਂ ਵਾਇਰਲ ਇੰਟਰਨੈੱਟ 'ਤੇ ਵਾਇਰਲ ਵੀ ਕਰ ਦਿੱਤਾ ਗਿਆ। ਸਾਈਬਰ ਕ੍ਰਾਈਮ ਦੇ ਪੁਲਿਸ ਸੁਪਰਡੈਂਟ ਵੀਬੀ ਬਰਾੜ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।