ਬੰਗਲੁਰੂ: ਕਰਨਾਟਕ ਦਾ ਸਿਆਸੀ ਡਰਾਮਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਵਿਧਾਨ ਸਭਾ ਸਪੀਕਰ ਆਰ. ਰਮੇਸ਼ ਕੁਮਾਰ ਨੇ 14 ਵਿਧਾਇਕਾਂ ਨੂੰ ਅਯੋਗ ਕਰਾਰ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਸਪੀਕਰ ਨੇ ਤਿੰਨ ਵਿਧਾਇਕਾਂ ਨੂੰ ਅਯੋਗ ਕਰਾਰ ਦੇ ਦਿੱਤਾ ਸੀ, ਜਿਸ ਤੋਂ ਬਾਅਦ ਕੁੱਲ ਅਯੋਗ ਵਿਧਾਇਕਾਂ ਦੀ ਗਿਣਤੀ 17 ਹੋ ਗਈ ਹੈ। ਸਪੀਕਰ ਦੇ ਇਸ ਫੈਸਲੇ ਮਗਰੋਂ ਇਹ ਵਿਧਾਇਕ 15ਵੀਂ ਵਿਧਾਨ ਸਭਾ ਦਾ ਕਾਰਜਕਾਲ ਪੂਰਾ ਹੋਣ ਤਕ ਨਾ ਚੋਣ ਲੜ ਸਕਣਗੇ ਤੇ ਨਾ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਸਕਣਗੇ।


ਸਪੀਕਰ ਵੱਲੋਂ ਅਯੋਗ ਕਰਾਰ ਦਿੱਤੇ ਵਿਧਾਇਕਾਂ ਵਿੱਚ 13 ਕਾਂਗਰਸ, ਤਿੰਨ ਜੇਡੀਐਸ ਤੇ ਇੱਕ ਆਜ਼ਾਦ ਵਿਧਾਇਕ ਸ਼ਾਮਲ ਹੈ। ਸੂਬਾ ਵਿੱਚ ਐਚ.ਡੀ. ਕੁਮਾਰਸਵਾਮੀ ਦੀ ਸਰਕਾਰ ਡਿੱਗਣ ਮਗਰੋਂ ਭਾਜਪਾ ਨੇਤਾ ਬੀਐਸ ਯੇਦਯੁਰੱਪਾ ਨੇ ਮੁੱਖ ਮੰਤਰੀ ਵਜੋਂ ਹਲਫ ਲੈ ਲਿਆ ਹੈ। ਹੁਣ ਉਨ੍ਹਾਂ ਨੂੰ ਸੋਮਵਾਰ ਨੂੰ ਬਹੁਮਤ ਸਾਬਤ ਕਰਨਾ ਹੋਵੇਗਾ।



ਕਰਨਾਟਕ ਦੀ ਵਿਧਾਨਸਭਾ ਦੀਆਂ 224 ਸੀਟਾਂ ਹਨ ਤੇ 17 ਵਿਧਾਇਕਾਂ ਦੇ ਅਯੋਗ ਹੋਣ ਕਾਰਨ ਹੁਣ ਵਿਧਾਨ ਸਭਾ ਸੀਟਾਂ ਦੀ ਗਿਣਤੀ 207 ਰਹਿ ਗਈ ਹੈ। ਹੁਣ ਬਹੁਮਤ ਸਾਬਤ ਕਰਨ ਦਾ ਅੰਕੜਾ 104 ਹੋਵੇਗਾ। 23 ਜੁਲਾਈ ਨੂੰ ਕੁਮਾਰਸਵਾਮੀ ਨੇ ਬਹੁਮਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਦੇ ਪੱਖ ਵਿੱਚ 99 ਵੋਟਾਂ ਪਈਆਂ ਸਨ, ਜਿਸ ਕਾਰਨ ਉਨ੍ਹਾਂ ਦੀ ਸਰਕਾਰ ਡਿੱਗ ਗਈ ਸੀ। ਹੁਣ ਭਾਜਪਾ ਕੋਲ ਬਹੁਮਤ ਸਾਬਤ ਕਰਨ ਦਾ ਮੌਕਾ ਹੈ। ਸਫਲ ਹੋਣ 'ਤੇ ਭਾਜਪਾ ਸਪੀਕਰ ਆਰ. ਰਮੇਸ਼ ਖ਼ਿਲਾਫ਼ ਬੇਭਰੋਸਗੀ ਮਤਾ ਵੀ ਲਿਆ ਸਕਦੀ ਹੈ।