ਨਵੀਂ ਦਿੱਲੀ: ਰੂਸ ਤੇ ਯੂਕਰੇਨ ਵਿਚਾਲੇ ਪਿਛਲੇ 45 ਦਿਨਾਂ ਤੋਂ ਜੰਗ (Russia-Ukraine War) ਚੱਲ ਰਹੀ ਹੈ। ਇਸ ਦੌਰਾਨ ਕਾਂਗਰਸ ਦੇ ਸੀਨੀਅਰ ਨੇਤਾ ਤੇ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਯੂਕਰੇਨ-ਰੂਸ ਸੰਘਰਸ਼ 'ਤੇ ਭਾਰਤ ਆਪਣੇ ਕੂਟਨੀਤਕ ਸਟੈਂਡ 'ਤੇ ਗੱਲਬਾਤ ਕਰਨ ਦੇ ਮਾਮਲੇ 'ਚ ਬਹੁਤ 'ਗੁੰਝਲਦਾਰ ਤੇ ਚੁਣੌਤੀਪੂਰਨ ਦੌਰ' 'ਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੂਜੇ ਦੇਸ਼ਾਂ ਦੇ ਨਾਲ-ਨਾਲ ਆਪਣੇ ਬਹੁਤ ਸਾਰੇ ਹਿੱਤਾਂ ਕਾਰਨ ਭਾਰਤ ਇੱਕ ਕਿਸਮ ਦੀ ਮੁਸ਼ਕਲ ਸਥਿਤੀ 'ਚ ਹੈ, ਜਿਸ 'ਚ ਇੱਕ ਛੋਟੀ ਜਿਹੀ ਗਲਤੀ ਦੇ ਬਹੁਤ ਮਾੜੇ ਨਤੀਜੇ ਵੀ ਹੋ ਸਕਦੇ ਹਨ। ਸ਼ਸ਼ੀ ਥਰੂਰ ਨੇ 'ਯੂਕਰੇਨ ਅਨਕਹੀ (ਝਲਕੀਆਂ)' ਵਿਸ਼ੇ 'ਤੇ ਤਿੰਨ ਦਿਨੀਂ ਫ਼ੋਟੋ ਪ੍ਰਦਰਸ਼ਨੀ ਦੇ ਉਦਘਾਟਨ ਤੋਂ ਬਾਅਦ ਗੱਲਬਾਤ ਦੌਰਾਨ ਇੱਕ ਸਵਾਲ ਦਾ ਜਵਾਬ ਦਿੱਤਾ।

ਭਾਰਤ ਬਹੁਤ ਗੁੰਝਲਦਾਰ ਤੇ ਚੁਣੌਤੀਪੂਰਨ ਦੌਰ 'ਚੋਂ ਗੁਜ਼ਰਿਆ: ਸ਼ਸ਼ੀ ਥਰੂਰ
ਸ਼ਸ਼ੀ ਥਰੂਰ ਨੇ ਕਿਹਾ, "ਯੂਕਰੇਨ-ਰੂਸ ਸੰਕਟ 'ਤੇ ਆਪਣੇ ਸਟੈਂਡ 'ਤੇ ਗੱਲਬਾਤ ਦੌਰਾਨ ਭਾਰਤ ਬਹੁਤ ਗੁੰਝਲਦਾਰ ਤੇ ਚੁਣੌਤੀਪੂਰਨ ਦੌਰ 'ਚੋਂ ਗੁਜ਼ਰਿਆ ਹੈ। ਇਸ 'ਚ ਕੋਈ ਸ਼ੱਕ ਨਹੀਂ ਕਿ ਭਾਰਤ ਆਪਣੇ ਪਹਿਲੇ ਹੀ ਬਿਆਨ 'ਚ ਅਜਿਹਾ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਸੀ ਜਿਸ ਨਾਲ ਰੂਸ ਨੂੰ ਪ੍ਰੇਸ਼ਾਨੀ ਹੁੰਦੀ।" ਥਰੂਰ ਨੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੀ ਇਸ ਹਫ਼ਤੇ ਭਾਰਤ ਦੀ ਸੰਭਾਵਿਤ ਯਾਤਰਾ 'ਤੇ ਕਿਹਾ, "ਉਨ੍ਹਾਂ ਕੋਲ ਬਚਾਅ ਕਰਨ ਦਾ ਸਖ਼ਤ ਕਾਰਨ ਹੋਵੇਗਾ ਤੇ ਮੈਨੂੰ ਯਕੀਨ ਹੈ ਕਿ ਉਹ ਨਵੀਂ ਦਿੱਲੀ 'ਚ ਜੋ ਗੱਲਬਾਤ ਕਰਨ ਜਾ ਰਹੇ ਹਨ, ਉਹ ਬਹੁਤ ਦਿਲਚਸਪ ਹੋਵੇਗੀ।"

ਸਿਧਾਂਤਾਂ ਨੂੰ ਦੁਹਰਾਉਣ 'ਚ ਵੱਧ ਮੁਖਰ ਰਿਹਾ ਭਾਰਤ: ਥਰੂਰ
ਸੰਘਰਸ਼ 'ਤੇ ਭਾਰਤ ਦੇ ਸਟੈਂਡ ਬਾਰੇ ਕਾਂਗਰਸ ਦੇ ਸੰਸਦ ਮੈਂਬਰ ਨੇ ਕਿਹਾ, "ਅਸੀਂ ਸੰਯੁਕਤ ਰਾਸ਼ਟਰ (ਯੂਕਰੇਨ ਸੰਕਟ 'ਤੇ) 'ਚ ਵੋਟ ਤੋਂ ਗ਼ੈਰ-ਹਾਜ਼ਰ ਰਹਿੰਦੇ ਹੋਏ ਆਪਣੇ ਬਿਆਨਾਂ 'ਚ ਆਪਣੇ ਸਿਧਾਂਤਾਂ ਨੂੰ ਦੁਹਰਾਉਣ 'ਚ ਵਧੇਰੇ ਮੁਖਰ ਰਹੇ ਹਾਂ ਤੇ ਸਾਡੀ ਕੂਟਨੀਤੀ ਨੇ ਉਨ੍ਹਾਂ ਵਿਭਿੰਨ ਹਿੱਤਾਂ ਨੂੰ ਧਿਆਨ 'ਚ ਰੱਖਿਆ ਹੈ, ਜਿਸ ਦੀ ਸਾਨੂੰ ਦੇਖਭਾਲ ਕਰਨੀ ਪਵੇਗੀ।" ਉਨ੍ਹਾਂ ਕਿਹਾ, "ਅਸੀਂ ਕਵਾਡ ਦੇ ਮੈਂਬਰ ਹਾਂ ਤੇ ਅਸੀਂ ਨਹੀਂ ਚਾਹੁੰਦੇ ਕਿ ਅਮਰੀਕਾ ਇੰਡੋ-ਪੈਸੀਫਿਕ ਤੋਂ ਆਪਣੀ ਨਜ਼ਰ ਹਟਾਏ ਤੇ ਪੂਰੀ ਤਰ੍ਹਾਂ ਯੂਰਪ 'ਤੇ ਧਿਆਨ ਕੇਂਦਰਤ ਕਰੇ।"

ਛੋਟੀ ਜਿਹੀ ਗਲਤੀ ਦੇ ਹੋ ਸਕਦੇ ਮਾੜੇ ਨਤੀਜੇ : ਸ਼ਸ਼ੀ ਥਰੂਰ
ਸ਼ਸ਼ੀ ਥਰੂਰ ਨੇ ਕਿਹਾ, "ਸਾਨੂੰ ਪਹਿਲੇ ਕੁਝ ਹਫ਼ਤਿਆਂ 'ਚ ਯੂਕਰੇਨ ਤੋਂ 23,000 ਭਾਰਤੀ ਨਾਗਰਿਕਾਂ ਨੂੰ ਕੱਢਣਾ ਪਿਆ, ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਸਨ। ਇਸ ਲਈ ਇਨ੍ਹਾਂ ਸਾਰੇ ਹਿੱਤਾਂ ਕਾਰਨ ਅਸੀਂ ਇੱਕ ਔਖੀ ਸਥਿਤੀ 'ਚ ਹਾਂ, ਜਿਸ 'ਚ ਇੱਕ ਛੋਟੀ ਜਿਹੀ ਗਲਤੀ ਦੇ ਵੀ ਮਾੜੇ ਨਤੀਜੇ ਨਿਕਲ ਸਕਦੇ ਹਨ।"